ਕੋਰੋਨਾ 'ਤੇ ਕਰਫਿਊ ਸਬੰਧੀ ਪੰਜਾਬ ਸਰਕਾਰ ਦੇ ਵੱਡੇ ਐਲਾਨ

Tags

ਦੇਸ਼ ਸਣੇ ਸੂਬੇ ‘ਚ ਕੋਰੋਨਾਵਾਇਰਸ ਕਰਕੇ ਖ਼ਤਰੇ ਦਾ ਆਲਮ ਛਾਇਆ ਹੋਇਆ ਹੈ। ਦੇਸ਼ ‘ਚ 14 ਅਪਰੈਲ ਤਕ ਦਾ ਲੌਕਡਾਊਨ ਹੈ ਜਿਸ ਨੂੰ ਕਾਮਯਾਬ ਬਣਾਉਣ ਲਈ ਸਰਕਾਰਾਂ ਸਣੇ ਕਈ ਮਹਿਕਮੇ ਪੂਰੀ ਕੋਸ਼ਿਸ਼ਾਂ ਕਰ ਰਹੇ ਹਨ। ਪਰ ਕੁਝ ਲੋਕ ਇਸ ਦਾ ਉਲੰਘਣ ਕਰਕੇ ਆਪਣੀ ਤੇ ਹੋਰਨਾਂ ਦੀ ਜਾਨ ਨਾਲ ਮਜ਼ਾਕ ਕਰ ਰਹੇ ਹਨ। ਹੁਣ ਤਕ ਸੂਬੇ ‘ਚ ਕੋਰੋਨਾਵਾਇਰਸ ਦੇ ਕੁੱਲ 59 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਦੇਸ਼ ‘ਚ 2902 ਮਾਮਲੇ ਆਏ ਹਨ, ਜਿਨ੍ਹਾਂ ਚੋਂ 69 ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਕਰਫਿਊ ਨੂੰ 14 ਅਪ੍ਰੈਲ ਤੋਂ ਅੱਗੇ ਵਧਾਉਣ ਲਈ ਫੈਸਲਾ 10 ਅਪ੍ਰੈਲ ਤੋਂ ਬਾਅਦ ਇੱਕ ਸਮੀਖਿਆ ਬੈਠਕ ‘ਚ ਲਿਆ ਜਾਵੇਗਾ।

ਇਸ ਵਿੱਚ ਮੌਜੂਦਾ ਹਾਲਤਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਵਧਾਉਣ ਜਾਂ ਹਟਾਉਣ ਦਾ ਫੈਸਲਾ ਲਿਆ ਜਾਵੇਗਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਪੀੜਤ ਦਾ ਸਸਕਾਰ ਹੋਣ ਨਾਲ ਕੋਈ ਖ਼ਤਰਾ ਨਹੀਂ ਹੈ। ਰਸਮ ਲਈ ਸੁਆਹ ਇਕੱਠੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 13 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ਮੌਕੇ ਇਕੱਠ ਨਾ ਕਰਨ ਦੀ ਹਿਦਾਇਤਾਂ ਦਿੱਤੀਆਂ ਹਨ।

ਉਨ੍ਹਾਂ ਕਿਹਾ ਕਿ ਸ਼੍ਰੀ ਅਖੰਡ ਪਾਠ ਤੇ ਸਹਿਜ ਪਾਠ ਕਰ ਸਰਬਤ ਦੀ ਅਰਦਾਸ ਘਰ ਤੋਂ ਹੀ ਕਰਨ। ਇਹ ਫੈਸਲਾ ਵੀਡੀਓ ਕਾਨਫਰੰਸਿੰਗ ਰਾਹੀਂ 5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਲਿਆ ਗਿਆ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨਿੱਜੀ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਰਿਵਾਰਕ ਮੈਂਬਰਾਂ ਨੂੰ ਫੀਸਾਂ ਲਈ ਦਬਾਅ ਨਾ ਪਾਉਣ। ਸ਼ਿਕਾਇਤ ਮਿਲਣ 'ਤੇ ਸਕੂਲ ਖਿਲਾਫ ਕਾਰਵਾਈ ਕੀਤੀ ਜਾਵੇਗੀ।