ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਪਹਿਰ 1 ਵਜੇ ਆਨਲਾਈਨ ਹੋ ਕੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸੰਕੇਤ ਦਿੱਤੇ ਕਿ ਪੰਜਾਬ 'ਚ ਫਿਲਹਾਲ ਕਰਫ਼ਿਊ ਨੂੰ ਨਹੀਂ ਖੋਲ੍ਹਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ 15 ਅਪ੍ਰੈਲ ਤੋਂ ਮੰਡੀਆਂ ਵਿਚ ਫਸਲ ਦੀ ਖਰੀਬ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਰਕਾਰ ਨੇ ਮੰਡੀਆਂ ਦੀ ਗਿਣਤੀ 1800 ਤੋਂ ਵਧਾ ਕੇ 3800 ਕਰ ਦਿੱਤੀ ਹੈ।
ਕਣਕ ਦੀ ਖਰੀਦ-ਫਰੋਖਤ ਦਾ ਕੰਮ 31 ਮਈ ਤਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਕੋਰੋਨਾ ਦੀ ਸਟੇਜ਼-2 'ਚ ਪਹੁੰਚ ਗਿਆ ਹੈ। ਜੇ ਕਰਫ਼ਿਊ ਖੋਲ੍ਹ ਦਿੱਤਾ ਗਿਆ ਤਾਂ ਵਾਇਰਸ ਹੋਰ ਫੈਲ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਫ਼ੈਸਲਾ ਮੰਤਰੀ ਮੰਡਲ ਦੀ ਬੈਠਕ 'ਚ ਲਿਆ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਖਿਆ ਹੈ ਕਿ ਲੌਕਡਾਊਨ ਦਰਮਿਆਨ ਸਿਰਫ਼ ਕਿਸਾਨਾਂ ਨੂੰ ਹੀ ਰਾਹਤ ਦਿੱਤੀ ਜਾਵੇਗੀ। ਲੌਕਡਾਊਨ ਦੌਰਾਨ ਕਿਸਾਨਾਂ ਨੂੰ ਆਪਣੀ ਜਿਣਸ ਮੰਡੀਆਂ ਤਕ ਲਿਜਾਣ ਦੀ ਛੋਟ ਹੋਵੇਗੀ।