ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਵਾਲੀ ਕੁਰਸੀ 'ਤੇ ਬੈਠ ਕੇ ਗ਼ੈਰਜ਼ਰੂਰੀ ਅਤੇ ਗੈਰ ਜਿੰਮੇਵਾਰਨਾ ਬਿਆਨਬਾਜ਼ੀ ਨਾਲ ਸੂਬੇ ਅੰਦਰ ਡਰ ਅਤੇ ਤਣਾਅ ਦਾ ਮਾਹੌਲ ਪੈਦਾ ਨਾ ਕਰਨ। ਮਾਨ ਮੁਤਾਬਿਕ ਅਜਿਹੀਆਂ ਗੱਲਾਂ ਜਿੱਥੇ ਮੁੱਖ ਮੰਤਰੀ ਦੀ ਬੇਵਸੀ ਅਤੇ ਨਾ ਕਾਬਲੀਅਤ ਜ਼ਾਹਿਰ ਕਰਦੀਆਂ ਹਨ, ਉੱਥੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ-ਜੋਖ਼ਮ 'ਚ ਪਾ ਕੇ ਗਰਾਊਂਡ ਜ਼ੀਰੋ 'ਤੇ ਕੋਰੋਨਾਵਾਇਰਸ ਨਾਲ ਸਿੱਧੀ ਲੜਾਈ ਲੜ ਰਹੇ 'ਯੋਧਿਆਂ' ਦੇ ਹੌਸਲੇ ਪਸਤ ਹੁੰਦੇ ਹਨ।
ਘਰਾਂ 'ਚ ਬੈਠੇ ਲੋਕਾਂ 'ਚ ਬੇਚੈਨੀ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ। ਸਗੋਂ ਵਿਸ਼ਵ-ਵਿਆਪੀ ਕੋਰੋਨਾਵਾਇਰਸ ਮਹਾਮਾਰੀ ਨੂੰ ਮਾਤ ਦੇਣ ਲਈ ਪੰਜਾਬ 'ਚ ਜੰਗੀ ਪੱਧਰ ਦੇ ਪ੍ਰਬੰਧ ਅਤੇ ਸਾਜੋ-ਸਮਾਨ ਮੁਹੱਈਆ ਕਰਕੇ ਪੰਜਾਬ ਦੇ ਲੋਕਾਂ ਅਤੇ ਮੈਦਾਨ-ਏ-ਜੰਗ ਵਿੱਚ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਵਰਕਰਾਂ, ਪੁਲਸ-ਪ੍ਰਸ਼ਾਸਨ ਦੇ ਅਧਿਕਾਰੀਆਂ-ਕਰਮਚਾਰੀਆਂ, ਸਫ਼ਾਈ ਸੇਵਕਾਂ ਅਤੇ ਮੀਡੀਆ ਕਰਮੀਆਂ ਦਾ ਹੌਸਲਾ ਵਧਾਉਣ।