ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ਦਾ ਰੰਗ ਪੰਜਾਬ ਵਿੱਚ ਵੀ ਦਿੱਸਣ ਲੱਗਾ ਹੈ। ਇੱਕ ਪਾਸੇ 'ਆਪ' ਲੀਡਰਾਂ ਦੇ ਹੌਸਲੇ ਬੁਲੰਦ ਹੋਏ ਹਨ ਤੇ ਦੂਜੇ ਪਾਸੇ ਹੋਰ ਪਾਰਟੀਆਂ ਦੇ ਕਾਰਕੁਨ ਵੀ 'ਆਪ' 'ਚ ਸ਼ਾਮਲ ਹੋਣ ਲਈ ਕਾਹਲੇ ਹਨ। ਹਰਪਾਲ ਸਿੰਘ ਚੀਮਾ ਨੇ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨੂੰ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਸੇਵਾਵਾਂ ਤੇ ਤਜਰਬੇ ਨੂੰ ਪਾਰਟੀ ਦੀ ਮਜ਼ਬੂਤੀ ਲਈ ਵਰਤਿਆ ਜਾਵੇਗਾ। ਸੋਮਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਲੋਟ ਹਲਕੇ ਤੋਂ ਲੋਕ ਇਨਸਾਫ਼ ਪਾਰਟੀ ਦੇ ਮਲੋਟ ਇੰਚਾਰਜ ਰਹੇ
ਕਿਸ਼ਨ ਲਾਲ ਤੇ ਫ਼ਾਜ਼ਿਲਕਾ ਤੋਂ ਭਾਜਪਾ ਦੇ ਕੌਂਸਲਰ ਅਰੁਣ ਵਧਵਾ ਤੇ ਲੁਧਿਆਣਾ ਨਾਲ ਸਬੰਧਤ ਸੰਦੀਪ ਗੁਪਤਾ ਤੇ ਕੁਲਦੀਪ ਸਿੰਘ, ਨਟਰਾਜ ਖੁਰਾਣਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਸਮੀ ਤੌਰ 'ਤੇ ਸ਼ਾਮਲ ਕੀਤਾ। ਐਤਵਾਰ ਨੂੰ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਬੀਜੇਪੀ ਕਾਰਕੁਨਾਂ ਨੂੰ ਸ਼ਾਮਲ ਕਰਵਾਇਆ ਤੇ ਅੱਜ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੀਜੇਪੀ ਤੇ ਲੋਕ ਇਨਸਾਫ਼ ਪਾਰਟੀ (ਲਿਪ) ਨੂੰ ਝਟਕਾ ਦਿੰਦਿਆਂ ਅੱਧੀ ਦਰਜਨ ਵਰਕਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ।