ਕੋਰੋਨਾ ਵਾਇਰਸ ਵਿਰੁੱਧ ਲੜਾਈ ਜੰਗੀ ਪੱਧਰ 'ਤੇ ਜਾਰੀ ਹੈ। ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੀਆਂ ਸਰਹੱਦਾਂ ਸੀਲ ਕਰਨ ਦੇ ਹੁਕਮ ਦਿੱਤੇ ਹਨ। ਜਦਕਿ ਪੰਜਾਬ 'ਚ 14 ਅਪ੍ਰੈਲ ਤੱਕ ਕਰਫ਼ਿਊ 'ਚ ਵਾਧੇ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਨੇ ਵਿੱਤ ਮੰਤਰੀ ਨੂੰ ਇਕ ਗੰਭੀਰ ਵਿੱਤੀ ਯੋਜਨਾ ਦੇ ਨਾਲ ਆਉਣ ਲਈ ਕਿਹਾ, ਤਾਂਕਿ ਕੋਵਿਡ -19 ਸੰਕਟ ਨੂੰ ਦੂਰ ਕੀਤਾ ਜਾ ਸਕੇ ਅਤੇ ਮੌਜੂਦਾ ਲੜਾਈ ਵਿੱਚ ਇਕ ਨਿਰਵਿਘਨ ਮੈਡੀਕਲ ਅਤੇ ਜ਼ਰੂਰੀ ਸਪਲਾਈ ਪਾਈਪ ਲਾਈਨ ਨੂੰ ਪੱਕਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਸੀ ਕਿ ਇਕ ਲੰਮੇ ਸਮੇਂ ਦੀ ਯੋਜਨਾ ਬਣੇਗੀ ਅਤੇ ਇਸ ਲਈ ਲੋੜ ਹੋਵੇਗੀ ਭਾਰਤ ਸਰਕਾਰ ਤੋਂ ਜ਼ਿਆਦਾ ਸਹਾਇਤਾ ਦੀ।
ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਕੋਵਿਡ ਦੀ ਲੜਾਈ ਵਿੱਚ ਲੱਗੇ ਸਫਾਈ ਕਰਮਚਾਰੀਆਂ ਲਈ ਵਿਸ਼ੇਸ਼ ਬੀਮੇ ਦਾ ਵਾਅਦਾ ਕੀਤਾ ਜੋ ਕਿ ਭਾਰਤ ਸਰਕਾਰ ਵੱਲੋਂ ਸਿਹਤ ਕਰਮਚਾਰੀਆਂ ਲਈ ਐਲਾਨੀ ਯੋਜਨਾ ਦੀ ਤਰਜ਼ ਉੱਤੇ ਹੈ, ਜੇਕਰ ਕੇਂਦਰ ਇਨ੍ਹਾਂ ਕਵਰਾਂ ਲਈ ਸੂਬੇ ਦੀ ਮੰਗ ਨੂੰ ਮਨਜ਼ੂਰ ਨਹੀਂ ਕਰਦਾ ਹੈ। ਇਕ ਹੋਰ ਮਹੱਤਵਪੂਰਨ ਫ਼ੈਸਲੇ ਵਿੱਚ ਮੁੱਖ ਮੰਤਰੀ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਮੌਜੂਦਾ ਮਾੜੀ ਸਥਿਤੀ ਨਾਲ ਨਜਿੱਠਣ ਲਈ 31 ਮਾਰਚ ਨੂੰ ਸੇਵਾਮੁਕਤ ਸਫਾਈ ਸੇਵਕਾਂ ਦੀਆਂ ਸੇਵਾਵਾਂ ਤਿੰਨ ਮਹੀਨਿਆਂ ਤੱਕ ਵਧਾਉਣ ਦੀ ਆਗਿਆ ਵੀ ਦਿੱਤੀ।