'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਪੰਜਾਬ 'ਚ ਇੰਚਾਰਜ ਬਣਾਇਆ ਗਿਆ ਹੈ। ਉਨ੍ਹਾਂ ਨਵਜੋਤ ਸਿੱਧੂ ਸਣੇ ਹੋਰ ਲੀਡਰਾਂ ਨੂੰ ਵੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਇਸ ਐਲਾਨ ਦੇ ਨਾਲ ਹੀ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੀ ਸਰਗਰਮ ਹੋ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਭਗਵੰਤ ਮਾਨ ਨੇ ਗੁਰਤੇਜ ਪੰਨੂੰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕੀਤਾ। ਗੁਰਤੇਜ ਪੰਨੂੰ ਵਿਦਿਆਰਥੀ ਲੀਡਰ ਹਨ ਅਤੇ ਉਹ ਅਨੁਰਾਗ ਠਾਕੁਰ ਨਾਲ ਭਾਜਪਾ 'ਚ ਰਹਿ ਚੁੱਕੇ ਹਨ। ਇਸ ਦੌਰਾਨ 'ਆਪ' ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਆਉਣ ਦੀ ਪੇਸ਼ਕਸ਼ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਹ ਤਾਂ ਖ਼ੁਦ ਨਵਜੋਤ ਸਿੰਘ ਸਿੱਧੂ ਦੇ ਫੈਨ ਹਨ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਆਉਣ ਲਈ ਨਾ ਸਿਰਫ਼ ਖੁਲ੍ਹਾ ਸੱਦਾ ਹੀ ਦਿਤਾ ਬਲਕਿ ਇਥੋਂ ਤਕ ਕਹਿ ਦਿਤਾ ਕਿ ਸੱਭ ਤੋਂ ਪਹਿਲਾਂ ਉਹ ਸਿੱਧੂ ਨੂੰ ਜੀ ਆਇਆਂ ਨੂੰ ਕਹਿਣਗੇ। ਭਗਵੰਤ ਮਾਨ ਵਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਸੋਹਲੇ ਗਾਉਂਦੇ ਹੋਏ ਕਿਹਾ ਕਿ ਜੇਕਰ ਸਿੱਧੂ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੁੰਦੇ ਹਨ ਤਾਂ ਉਹ ਉਨ੍ਹਾਂ ਦਾ ਵੈਲਕਮ ਕਰਨਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸ਼ੋਅ 'ਲਾਫ਼ਟਰ ਚੈਲੰਜ' 'ਚ ਮੇਰੇ ਜੱਜ ਰਹੇ ਸਨ, ਕਦੇ ਵੀ ਕੋਈ ਬੰਦਾ ਅਪਣੇ ਮਾਂ-ਪਿਓ ਅਤੇ ਰਾਇਲ ਮਾਡਲ ਤੋਂ ਵੱਡਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਮੈਚ 'ਚ ਸਿੱਧੂ ਆਉਟ ਹੋ ਜਾਂਦੇ ਸਨ ਤਾਂ ਉਹ ਟੀ. ਵੀ. ਹੀ ਬੰਦ ਕਰ ਦਿੰਦੇ ਸਨ। ਸਿੱਧੂ ਬੇਹੱਦ ਇਮਾਨਦਾਰ ਸ਼ਖ਼ਸ ਹਨ।