ਰਾਜ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ । ਪੰਜਾਬ ਸਰਕਾਰ ਕਰਫਿਊ ਦੌਰਾਨ ਸਾਰਿਆ ਨੂੰ ਆਟਾ, ਦਾਲ ਅਤੇ ਰਾਸ਼ਨ ਘਰਾਂ ਤੱਕ ਪਹੁੰਚਾਉਣ ਦੇ ਲਈ ਵੱਚਨਬੱਧ ਹੈ। ਤਕਨਿਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰੁਜ਼ਗਾਰ ਉੱਤਪਤੀ ਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਇਹ ਜਾਣਕਾਰੀ ਦਿੱਤੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪ੍ਰਸ਼ਾਸ਼ਨ ਦਿਨ ਰਾਤ ਲੋਕਾਂ ਨੂੰ ਘਰਾਂ ਵਿੱਚ ਸਹੂਲਤਾਂ ਮੁਹੱਈਆ ਕਰਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰਟ ਕਾਰਡ ਧਾਰਕਾਂ ਨੂੰ 30 ਕਿਲੋ ਆਟਾ ਅਤੇ ਦਾਲ ਘਰਾਂ ਵਿੱਚ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਜਿਹੜੇ ਲੋਕ ਦਾ ਨਾਂ ਨੀਲੇ ਕਾਰਡ ਵਿੱਚ ਦਰਜ ਨਹੀਂ ਹੈ ਅਤੇ ਜਿਹੜੇ ਝੁੱਗੀਆਂ-ਝੋਪੜੀਆਂ ਵਿੱਚ ਰਹਿੰਦੇ ਹਨ ਅਤੇ ਦਿਹਾੜੀਦਾਰ ਹਨ। ਉਨ੍ਹਾਂ ਨੂੰ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕਟ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨੀਲੇ ਕਾਰਡ ਵਾਲਿਆਂ ਨੂੰ 05 ਕਿਲੋ ਕਣਕ ਪ੍ਰਤੀ ਵਿਅਕਤੀ ਦਿੱਤੀ ਜਾਂਦੀ ਸੀ। ਹੁਣ ਇਸ ਨੂੰ ਦੁਗਣਾ ਕਰ ਕੇ 10 ਕਿਲੋ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਇਕੱਠਾ ਆਟਾ (30 ਕਿਲੋ ਪ੍ਰਤੀ ਵਿਅਕਤੀ) ਦਿੱਤਾ ਜਾਵੇਗਾ ਅਤੇ ਨਾਲ ਦਾਲ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਇੰਤਜ਼ਾਮ ਕੀਤੇ ਗਏ ਹਨ। ਵੱਖਰੇ ਤੌਰ 'ਤੇ ਵਾਰਡ ਅਤੇ ਕਮਰੇ ਵੀ ਤਿਆਰ ਕੀਤੇ ਗਏ ਹਨ। ਜੇ ਕੋਈ ਮਰੀਜ਼ ਆਉਂਦਾ ਹੈ ਤਾਂ ਉਸਨੂੰ ਰੱਖਣ ਦੇ ਲਈ ਸਾਰੇ ਇੰਤਜ਼ਾਮ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਨਾਲ ਘਰ ਵਿੱਚ ਰਹਿ ਕੇ ਲੜਿਆ ਜਾ ਸਕਦਾ ਹੈ।