ਪਟਿਆਲਾ ‘ਚ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਘਨੌਰ ਹਲਕੇ ਦੇ ਪਿੰਡ ਰਾਮਪੁਰ ਦਾ 21 ਸਾਲਾ ਨੌਜਵਾਨ ਦੇ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਕਤ ਨੌਜਵਾਨਾਂ ਦੇ ਨਜਦੀਕ ਰਹਿੰਦੇ 14 ਵਿਅਕਤੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਟੈਸਟ ਕੀਤਾ ਗਿਆ। ਦੱਸ ਦਈਏ ਕਿ ਪਟਿਆਲਾ ਜ਼ਿਲ੍ਹੇ ਦਾ ਇਹ ਪਹਿਲਾ ਪਾਜੀਟਿਵ ਮਾਮਲਾ ਹੈ। ਇਸ ਦੀ ਪੁਸ਼ਟੀ ਹਰਿਆਣਾ ਦੇ ਅੰਬਾਲਾ ‘ਚ ਕੀਤੀ ਗਈ ਹੈ, ਕਿਉਂਕਿ ਨੌਜਵਾਨ ਨੂੰ ਇਲਾਜ ਲਈ ਅੰਬਾਲਾ ਲਿਜਾਇਆ ਗਿਆ ਸੀ। ਉਕਤ ਨੌਜਵਾਨ 19 ਮਾਰਚ ਨੂੰ ਨੇਪਾਲ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਿਆ ਸੀ।
ਉਸ ਤੋਂ ਬਾਅਦ ਉਹ ਬੱਸ ਰਾਹੀਂ ਅੰਬਾਲਾ ਪਹੁੰਚਿਆ ਸੀ। ਉਥੋਂ ਉਹ ਆਪਣੇ ਦੋਸਤ ਨਾਲ ਪਿੰਡ ਆਇਆ। ਨੌਜਵਾਨ ਨੂੰ ਬੁਖਾਰ ਤੇ ਦਸਤ ਲੱਗਣ ਤੋਂ ਬਾਅਦ ਅੰਬਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ‘ਚ ਕੋਰੋਨਾ ਦੇ ਲੱਛਣ ਮਿਲਣ ਤੋਂ ਬਾਅਦ ਉਸਦਾ ਟੈਸਟ ਕੀਤਾ ਗਿਆ, ਜੋ ਕਿ ਪਾਜੀਟਿਵ ਨਿਕਲਿਆ। ਟੈਸਟ ਤੋਂ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ ‘ਚ ਦਾਖਲ ਕੀਤਾ ਗਿਆ ਹੈ ਗਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਦੋ ਐਸਐਮਓ ਦੀ ਅਗਵਾਈ ਹੇਠ ਪਿੰਡ ‘ਚ ਚਾਰ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।