ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਵਿਖੇ ਬੰਗਾ ਅਤੇ ਨਵਾਂਸ਼ਹਿਰ ਸਬ ਡਵੀਜ਼ਨਾਂ ਦੇ ਕੋਰੋਨਾ ਵਾਇਰਸ ਕਾਰਨ ਸੀਲ ਕੀਤੇ ਗਏ 15 ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਦੇ ਮੁਲਾਂਕਣ ਲਈ ਐਸ ਡੀ ਐਮ ਬੰਗਾ ਗੌਤਮ ਜੈਨ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਤੇ ਐਸ ਐਮ ਓ ਡਾ. ਰੂਬੀ ਤੇ ਰੈਪਿਡ ਰਿਸਪਾਂਸ ਟੀਮਾਂ ਦੇ ਮੁਖੀ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁੱਜੋਂ ਵਿਖੇ ਸਥਿਤ ਪੀ ਐਚ ਸੀ ਦਾ ਸਟਾਫ਼ ਸ਼ਾਮ ਤੱਕ ਸੇਵਾਵਾਂ ਦੇਵੇਗਾ ਜਦਕਿ ਪਠਲਾਵਾ ਅਤੇ ਮਹਿਲ ਗਹਿਲਾਂ ਵਿਖੇ ਇੱਕ-ਇੱਕ 24× 7 ਸਿਹਤ ਕੇਂਦਰ ਆਰਜ਼ੀ ਤੌਰ ’ਤੇ ਕਾਇਮ ਕਰ ਦਿੱਤਾ ਗਿਆ ਹੈ।
ਇਨ੍ਹਾਂ ਦੋਵਾਂ ਸਿਹਤ ਕੇਂਦਰਾਂ ਕੋਲ ਮੌਜੂਦਾ ਐਂਬੂਲੈਂਸ ਤੇ ਗੱਡੀ ਦੀ ਕਿਸੇ ਵੀ ਹੰਗਾਮੀ ਹਾਲਤ ’ਚ ਵਰਤੋਂ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੁੱਜੋਂ, ਪਠਲਾਵਾ ਤੇ ਮਹਿਲ ਗਹਿਲਾਂ ਤੋਂ ਇਲਾਵਾ ਬਾਕੀ ਬਚਦੇ ਪਿੰਡਾਂ ’ਚ ਫ਼ਾਰਮਾਸਿਸਟ/ਸਟਾਫ਼ ਨਰਸ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕਾਂ ਦੀ ਸਿਹਤ ਜਾਂਚ ਅਤੇ ਲੋੜੀਂਦੀ ਦਵਾਈ ਮੁਹੱਈਆ ਕਰਵਾਉਣ ਲਈ ਤਾਇਨਾਤ ਰਹਿਣਗੇ। ਸ੍ਰੀ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ 15 ਪਿੰਡਾਂ ਦੇ ਲੋਕਾਂ ਦੀ ਸਿਹਤ ਦਾ ਪਤਾ ਲਾਉਣ ਲਈ ਸਿਹਤ ਵਿਭਾਗ ਵੱਲੋਂ 48 ਏ ਐਨ ਐਮਜ਼ ਨੂੰ ਰੋਜ਼ਾਨਾ ਲੋਕਾਂ ਨਾਲ ਪਿੰਡਾਂ ’ਚ ਜਾ ਕੇ ਰਾਬਤਾ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਏ ਐਨ ਐਮਜ਼ ਦੀ ਮੱਦਦ ਲਈ 6 ਰੈਪਿਡ ਰਿਸਪਾਂਸ ਟੀਮਾਂ ਦੇ ਡਾਕਟਰ ਹਰ ਵਕਤ ਤਿਆਰ ਬਰ ਤਿਆਰ ਰਹਿਣਗੇ ਅਤੇ ਕਿਸੇ ਵੀ ਹੰਗਾਮੀ ਹਾਲਤ ’ਚ ਤੁਰੰਤ ਮੌਕੇ ’ਤੇ ਪਹੁੰਚ ਕੇ ਮਰੀਜ਼ ਦਾ ਨਿਰੀਖਣ ਕਰਨ ਬਾਅਦ, ਉਸ ਨੂੰ ਅੱਗੇ ਰੈਫ਼ਰ ਕਰਨ ਬਾਰੇ ਫ਼ੈਸਲਾ ਲੈਣਗੇ।