ਪੰਜਾਬ ‘ਚ ਕੋਰੋਨਾਵਾਇਰਸ ਦਾ ਇੱਕ ਹੋਰ ਪੌਜ਼ੇਟਿਵ ਕੇਸ ਸਾਹਮਣੇ ਆਇਆ ਹੈ। ਮੁਹਾਲੀ ‘ਚ 65 ਸਾਲਾ ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਹੈ। ਇਹ 6 ਦਿਨ ਤੋਂ ਪੀਜੀਆਈ ‘ਚ ਭਰਤੀ ਸੀ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਿਸ ਦੀਆਂ ਟੀਮਾਂ ਨਵਾਂਗਾਓਂ ਪਹੁੰਚ ਗਈਆਂ। ਸੀਨੇ ‘ਚ ਦਰਦ ਤੇ ਸਾਹ ਲੈਣ ‘ਚ ਤਕਲੀਫ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਬੇ ‘ਚ ਐਤਵਾਰ ਨੂੰ ਸ਼ੱਕੀ ਮਾਮਲਿਆਂ ਦੀ ਗਿਣਤੀ 977 ਸੀ, ਜਿਨ੍ਹਾਂ ਦੀ ਜਾਂਚ ‘ਚ 749 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
189 ਲੋਕਾਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ‘ਚ ਹੀ ਰੁਕੇ ਰਹਿਣ। ਇਸ ਦੇ ਨਾਲ ਹੀ ਸੂਬੇ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 39 ਤੱਕ ਪਹੁੰਚ ਗਈ ਹੈ। ਹੁਣ ਮੁਹਾਲੀ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 7 ਹੋ ਗਈ ਹੈ।