ਪੰਜਾਬ ‘ਚ ਕੈਪਟਨ ਸਰਕਾਰ ਵੱਲੋਂ ਲਾਏ ਕਰਫਿਊ ਦਾ ਚੌਥਾ ਤੇ ਦੇਸ਼ ਭਰ ‘ਚ ਲੌਕਡਾਊਨ ਦਾ ਦੂਸਰਾ ਦਿਨ ਹੈ। ਇਸ ਦੇ ਚੱਲਦਿਆਂ ਜ਼ਿੰਦਗੀ ਦੀ ਤੇਜ਼ ਰਫਤਾਰ ਹੁਣ ਹੌਲੀ ਹੋ ਗਈ ਹੈ। ਸੜਕਾਂ ‘ਤੇ ਜਾਂ ਤਾਂ ਪੁਲਿਸ ਦਿਖਾਈ ਦੇ ਰਹੀ ਹੈ ਜਾਂ ਫਿਰ ਜ਼ਰੂਰੀ ਸਾਮਾਨ ਲੈਣ ਨਿਕਲੇ ਲੋਕ। ਬਿਨ੍ਹਾਂ ਕਿਸੇ ਜ਼ਰੂਰਤ ਦੇ ਘਰੋਂ ਨਿਕਲੇ ਲੋਕਾਂ ‘ਤੇ ਪੁਲਿਸ ਸਖਤੀ ਦਿਖਾ ਰਹੀ ਹੈ। ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਲਈ ਜ਼ੋਮੈਟੋ, ਸਵਿਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ ਤੇ ਕੈਮਿਸਟ ਐਸੋਸੀਏਸ਼ਨ ਦੇ ਤਾਲਮੇਲ ਨਾਲ ਸਪਲਾਈ ਕੀਤੀ ਜਾ ਰਹੀ ਹੈ।
ਡੀਜੀਪੀ ਦਿਨਕਰ ਗੁਪਤਾ ਮੁਤਾਬਕ ਵਿਕਰੇਤਾਵਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ। ਵੱਖ-ਵੱਖ ਸ਼ਹਿਰਾਂ ‘ਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਸ ਰਾਹੀਂ ਜ਼ਰੂਰੀ ਸਮਾਨ ਦੀ ਸਪਲਾਈ ਕੀਤੀ ਜਾ ਰਹੀ ਹੈ। ਪੁਲਿਸ ਸੋਸ਼ਲ ਮੀਡੀਆ ਦੀ ਮਦਦ ਵੀ ਲੈ ਰਹੀ ਹੈ।