ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਦੇ ਨਾਲ ਹੀ ਪੰਜਾਬ ‘ਚ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਸਿਖਰਾਂ ‘ਤੇ ਹੈ। ਜਿਵੇਂ ਹੀ ਦਿੱਲੀ ਵਿਚ ਆਮ ਆਦਮੀ ਪਾਰਟੀ ਜਿੱਤੀ ਪੰਜਾਬ ਦੀ ਸਮੁੱਚੀ ‘ਆਪ’ ਲੀਡਰਸ਼ਿਪ ਤੇ ਵਰਕਰਾਂ ਵਿਚ ਜਾਨ ਪੈ ਗਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀਆਂ ਦੋ ਬੈਠਕਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨਾਲ ਹੋ ਚੁੱਕੀਆਂ ਹਨ ਪਰ ਅਜੇ ਵੀ ਸਿੱਧੂ ਨੇ ਚੁੱਪ ਨਹੀਂ ਤੋੜੀ। ਨਵਜੋਤ ਸਿੱਧੂ ‘ਆਪ’ ਲੀਡਰਸ਼ਿਪ ਤੋਂ ਪੂਰਾ ਭਰੋਸਾ ਚਾਹੁੰਦੇ ਹਨ ਕਿ ਉਹ ਬਤੌਰ ਮੁੱਖ ਮੰਤਰੀ ਉਮੀਦਵਾਰ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਨਗੇ ਤੇ ਕੋਈ ਵੀ ਲੀਡਰ ਉਨ੍ਹਾਂ ਦੀ ਮੁਖਾਲਫ਼ਤ ਨਹੀਂ ਕਰੇਗਾ।
ਦਿੱਲੀ ਦੇ ਚੋਣ ਨਤੀਜਿਆਂ ਦੇ ਨਾਲ-ਨਾਲ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ। ਇਨ੍ਹਾਂ ਕਿਆਸ ਅਰਾਈਆਂ ਵਿਚ ਸਭ ਤੋਂ ਵੱਧ ਚਰਚਾ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਰਹੀ। ਵਾਪਸੀ ਤੋਂ ਇਨਕਾਰ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੱਧੂ ਦੀ ਕੈਪਟਨ ਕੈਬਨਿਟ ‘ਚ ਵਾਪਸੀ ਕਰਵਾਉਂਦਿਆਂ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਨਵਜੋਤ ਸਿੱਧੂ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ ਤੇ ਸਰਕਾਰ ‘ਚ ਵਾਪਸੀ ਤੋਂ ਇਨਕਾਰ ਕਰ ਦਿੱਤਾ। ਨਵਜੋਤ ਸਿੱਧੂ ਖੁਦ ਚੁੱਪ ਹਨ ਪਰ ਉਨ੍ਹਾਂ ਦਾ ਨਾਂ ਖੂਬ ਬੋਲ ਰਿਹਾ ਹੈ।