ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, 'ਆਪ' ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਬੁੱਧ ਰਾਮ ਅਤੇ ਵਿਧਾਇਕ ਬਲਜਿੰਦਰ ਕੌਰ ਵਲੋਂ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੀ ਜਿਵੇਂ ਦਿੱਲੀ 'ਚ ਜਿੱਤ ਹੋਈ ਹੈ, ਉਸ ਨਾਲ ਦੇਸ਼ 'ਚ ਖ਼ੁਸ਼ੀ ਦਾ ਮਾਹੌਲ ਹੈ, ਕਿਉਂਕਿ ਵਿਕਾਸ ਦੀ ਰਾਜਨੀਤੀ ਜਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਪਾਰਟੀ ਦੀ ਸਰਕਾਰ ਨੇ ਜਨਤਾ ਦੇ ਪੱਖ 'ਚ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਹ ਨੰਬਰ ਪੰਜਾਬ 'ਚ ਜਾਰੀ ਕੀਤਾ ਹੈ, ਜਿਸ 'ਤੇ 24 ਘੰਟਿਆਂ 'ਚ 11 ਲੱਖ ਮਿਸ ਕਾਲਾਂ ਆਈਆਂ ਹਨ।
ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਚੱਲਣ ਦੀ ਗੱਲ 'ਤੇ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇਤਾ ਹਨ ਅਤੇ ਮੈਂ ਕ੍ਰਿਕਟ ਦੇ ਵੇਲੇ ਤੋਂ ਹੀ ਉਨ੍ਹਾਂ ਦਾ ਪ੍ਰਸ਼ੰਸਕ ਹਾਂ ਪਰ ਅਧਿਕਾਰਕ ਤੌਰ 'ਤੇ ਉਨ੍ਹਾਂ ਨਾਲ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸਿੱਧੂ ਪਾਰਟੀ ਨਾਲ ਜੁੜਨ, ਕਿਉਂਕਿ ਜਿਹੜਾ ਵੀ ਪੰਜਾਬ ਨੂੰ ਪਿਆਰ ਕਰਦਾ ਹੈ, ਉਹ 'ਆਪ' ਪਾਰਟੀ 'ਚ ਆਵੇ। ਉਨ੍ਹਾਂ ਕਿਹਾ ਕਿ ਸਿੱਧੂ ਹੀ ਨਹੀਂ, ਪ੍ਰਗਟ ਸਿੰਘ ਵੀ ਚੰਗੇ ਇਨਸਾਨ ਹਨ ਅਤੇ ਉਹ ਵੀ ਪਾਰਟੀ 'ਚ ਆ ਸਕਦੇ ਹਨ। ਸੁਖਪਾਲ ਖਹਿਰਾ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਖਹਿਰਾ ਤਾਂ ਅਰਵਿੰਦ ਕੇਜਰੀਵਾਲ ਨੂੰ ਗ਼ ਲ ਤ ਬੋਲਦੇ ਰਹੇ ਹਨ ਅਤੇ ਹੁਣ ਕਿਸ ਮੂੰਹ ਨਾਲ 'ਆਪ' 'ਚ ਆਉਣਗੇ।