ਦਿੱਲੀ 'ਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਦੇ ਨਾਲ ਹੀ ਪੰਜਾਬ ਵਿਚ ਨਿ ਰਾ ਸ਼ ਚੱਲ ਰਹੇ 'ਆਪ' ਕਾਰਕੁਨ ਮੁੜ ਸਰਗਰਮ ਹੋ ਗਏ ਹਨ। ਦਿੱਲੀ ਦੇ ਲੋਕਾਂ ਵੱਲੋਂ 'ਆਪ' ਦੇ ਹੱਕ ਵਿਚ ਦਿੱਤੇ ਗਏ ਵੱਡੇ ਫ਼ਤਵੇ ਤੋਂ ਬਾਅਦ ਇਵੇਂ ਪ੍ਰਤੀਤ ਹੋਣ ਲੱਗਾ ਹੈ ਜਿਵੇਂ ਪੰਜਾਬ ਦੀ 'ਆਪ' ਨੇ ਮੁੜ ਸੁਰਜੀਤੀ ਵੱਲ ਪਹਿਲਾ ਕਦਮ ਪੁੱਟ ਲਿਆ ਹੋਵੇ। ਕਾਂਗਰਸ ਨੇ ਹੇਠਲੇ ਪੱਧਰ ਤਕ ਜਾ ਕੇ ਮੁਲਾਂਕਣ ਤੇ ਸਮੀਖਿਆਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ ਤਾਂ ਕਿ 2022 ਦੀਆਂ ਚੋਣਾਂ ਵਿਚ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਨਾ ਖੜ੍ਹੀਆਂ ਹੋਣ। ਇੱਥੋਂ ਤਕ ਕਿ ਦੇਸ਼ ਦੇ ਮੰਨੇ-ਪ੍ਰਮੰਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ 'ਆਪ' ਦੇ ਨਾਲ ਹੋ ਤੁਰੇ ਹਨ।
ਅਜਿਹੇ 'ਚ ਪੰਜਾਬ ਸਰਕਾਰ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਰੁਖ਼ ਦੀ ਅਹਿਮੀਅਤ ਵੱਧ ਗਈ ਹੈ ਕਿਉਂਕਿ ਇਹ ਕਿਆਸ ਲਾਏ ਜਾ ਰਹੇ ਹਨ ਕਿ ਸਿੱਧੂ 'ਆਪ' ਹਾਈਕਮਾਨ ਦੇ ਸੰਪਰਕ ਵਿਚ ਹਨ। ਕੇਜਰੀਵਾਲ ਨਾਲ 'ਪੀਕੇ' ਦੀ ਆੜੀ ਪੈਣ ਤੋਂ ਬਾਅਦ ਹੁਣ ਪੰਜਾਬ ਦਾ ਮੋਰਚਾ ਫਤਹਿ ਕਰਨਾ ਉਨ੍ਹਾਂ ਦੇ ਏਜੰਡੇ 'ਤੇ ਆ ਗਿਆ ਜਾਪਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਜੋ 77 ਸੀਟਾਂ ਲੈ ਕੇ ਸੂਬੇ ਵਿਚ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ ਸੀ। ਅਜਿਹੇ ਵਿਚ 'ਪੀਕੇ' ਜੇਕਰ ਪੰਜਾਬ ਵਿਚ ਸਰਗਰਮ ਹੋ ਜਾਂਦੇ ਹਨ ਤਾਂ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।