ਸਰਕਾਰ ਤੋਂ ਨਾਰਾਜ਼ ਹੋ ਕੇ ਲੰਬੇ ਸਮੇਂ ਤੋਂ ਘਰ ਬੈਠੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵਿਚ ਵਾਪਸੀ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਦੇ ਇਕ ਸੀਨੀਅਰ ਆਗੂ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਸਿੱਧੂ ਨੇ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕਰਦੇ। ਕਾਂਗਰਸ 'ਚ ਇਸ ਗੱਲ ਦੀ ਚਰਚਾ ਹੈ ਕਿ ਪਾਰਟੀ 'ਚ ਨੁੱਕਰੇ ਲੱਗੇ ਸਿੱਧੂ ਆਪ ਦਾ ਝਾੜੂ ਫੜ ਸਕਦੇ ਹਨ। ਉਹ ਜਨਤਕ ਤੌਰ 'ਤੇ ਵੀ ਇਸ ਗੱਲ ਨੂੰ ਕਹਿਣ ਤੋਂ ਨਹੀਂ ਖੁੰਝਦੇ।
ਇਸ ਲਈ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਾਂਗਰਸ ਦੇ ਹੱਕ 'ਚ ਇਕ ਵੀ ਰੈਲੀ ਨਹੀਂ ਕੀਤੀ ਕਿਉਂਕਿ ਇਹ ਜਾਣਦੇ ਸਨ ਕਿ ਉਨ੍ਹਾਂ ਨੂੰ 'ਆਪ' ਖ਼ਿ ਲਾ ਫ਼ ਹੀ ਬੋਲਣਾ ਪਵੇਗਾ। ਹਾਲਾਂਕਿ ਆਪ ਵੱਲੋਂ ਕਿਸੇ ਨੇ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਆਪ ਨੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪਾਰਟੀ ਉਨ੍ਹਾਂ ਨੂੰ ਕੇਵਲ ਸਟਾਰ ਪ੍ਰਚਾਰਕ ਬਣਾ ਕੇ ਰੱਖਣਾ ਚਾਹੁੰਦੀ ਸੀ। ਅਜਿਹੇ 'ਚ ਉਨ੍ਹਾਂ ਦੀ ਗੱਲ ਨਹੀਂ ਸੀ ਬਣੀ। ਹੁਣ ਆਪ ਤੇ ਸਿੱਧੂ ਦੋਵਾਂ ਲਈ ਹਾਲਾਤ ਬਦਲ ਗਏ ਹਨ।
ਉਧਰ, ਇਸ ਸਾਰੇ ਘਟਨਾਕ੍ਰਮ ਦੌਰਾਨ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਸਿੱਧੂ ਨੂੰ ਆਪਣੇ ਪਾਲ਼ੇ 'ਚ ਲਿਆਉਣ ਦੀ ਤਿਆਰੀ 'ਚ ਲੱਗ ਗਈ ਹੈ। ਕਾਂਗਰਸੀ ਆਗੂ ਨੇ ਦੱਸਿਆ ਕਿ ਇਹ ਗੱਲ ਉਨ੍ਹਾਂ ਦੀ ਜਾਣਕਾਰੀ ਵਿਚ ਹੈ ਕਿ ਦੋਵੇਂ ਪਾਸੇ ਗੱਲ ਚੱਲ ਰਹੀ ਹੈ ਪਰ ਇਹ ਕਿਸ ਪੱਧਰ 'ਤੇ ਪੁੱਜੀ ਹੈ ਇਸ ਦੀ ਜਾਣਕਾਰੀ ਨਹੀਂ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਕਾਂਗਰਸੀ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ 'ਚ ਪਰਤ ਆਉਣਾ ਚਾਹੀਦਾ ਹੈ ਪਰ ਸਿੱਧੂ ਨਹੀਂ ਮੰਨੇ। ਇਹ ਮੀਟਿੰਗ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਸੀ।