ਮੰਗਣ ਪੰਜਾਬੀ ਦਾ ਲਫਜ਼ ਹੈ ਅਤੇ ਇਸ ਦਾ ਅਰਥ ਹੈ-ਮੰਗਣਾ, ਜਾਚਣਾ ਭਾਵ ਕੁਝ ਲੈਣ ਦੀ ਚਾਹਨਾ ਕਰਨਾ। ਮਾਂਗਣ ਅਤੇ ਮਾਂਗਤ ਕ੍ਰਮਵਾਰ ਹਿੰਦੀ ਅਤੇ ਸੰਸਕ੍ਰਿਤ ਦੇ ਲਫਜ਼ ਹਨ। ਮੰਗ ਦਾ ਮਤਲਵ ਹੈ ਮੰਗਣਵਾਲੀ ਵਸਤੂ ਜਾਂ ਮਨ ਦੀ ਇਛਾ। ਮੰਗਤਾ ਦਾ ਅਰਥ ਹੈ ਭਿਖਾਰੀ ਅਤੇ ਜਾਚਕ। ਕੋਈ “ਦਾਤਾ” ਦੇਣਵਾਲਾ ਹੈ ਤਾਂ ਹੀ ਮੰਗਣ ਵਾਲੇ ਹਨ। ਮੰਗ ਵੀ ਦੋ ਪ੍ਰਕਾਰ, ਦੁਨਿਆਵੀ ਪਦਾਰਥਾਂ ਅਤੇ ਰੂਹਾਨੀ ਰਹਿਮਤਾਂ ਦੀ ਹੈ। ਮੰਗਤੇ ਵੀ ਦੋ ਪ੍ਰਕਾਰ ਦੇ ਹਨ ਰੱਬੀ ਅਤੇ ਦੁਨਿਆਵੀ। ਗੁਰਬਾਣੀ ਨੇ ਦੋਨਾਂ ਬਾਰੇ ਹੀ ਦਰਸਾਇਆ ਹੈ।
ਜਗਿਆਸੂ ਨੂੰ ਰੱਬ ਤੋਂ ਕੀ ਮੰਗਣਾਂ ਚਾਹੀਦਾ ਹੈ? ਬਾਰੇ ਉਪਦੇਸ਼ ਹੈ- ਮਾਂਗਨਾ ਮਾਂਗਨੁ ਨੀਕਾ ਹਰਿ ਜਸੁ ਗੁਰ ਤੇ ਮਾਂਗਨਾ॥ (1018) ਗੁਰੂ ਤੋਂ ਕਰਤੇ ਦੀ ਵਡਿਆਈ ਹੀ ਮੰਗਣੀ ਚਾਹੀਦੀ ਹੈ। ਹੋਰ ਫੁਰਮਾਨ ਹੈ- ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ॥ (321) ਇਕੋ ਇੱਕ ਸਚੁ (ਸਦੀਵੀ ਹੋਂਦ ਵਾਲਾ ਰੱਬ) ਹੀ ਮੰਗ ਲੈਣਾ ਚਾਹੀਦਾ ਹੈ। ਇਸ ਵਿੱਚ ਸਭ ਕੁਝ ਆ ਜਾਂਦਾ ਹੈ। ਦ੍ਰਿਸ਼ਟਾਂਤ ਹੈ ਕਿ ਜਿਵੇਂ ਇੱਕ ਰੁੱਖ ਹੈ, ਉਸ ਦੀਆਂ ਜੜਾਂ, ਤਣੇ, ਛਿੱਲ, ਲੱਕੜ, ਟਾਹਣੀਆਂ, ਪੱਤੇ, ਫੁੱਲ ਅਤੇ ਫਲ ਹੁੰਦੇ ਹਨ। ਜੇ ਅਸੀਂ ਇਕੱਲੇ ਫੁੱਲ ਜਾਂ ਫਲ ਹੀ ਮੰਗਾਂਗੇ ਤਾਂ ਬਾਕੀ ਸਾਰਾ ਰੁੱਖ ਰਹਿ ਜਾਵੇਗਾ ਪਰ ਜੇ ਅਸੀਂ ਸੋਚ ਸਮਝ ਕੇ ਸਾਰਾ ਰੁੱਖ ਹੀ ਮੰਗ ਲਿਆ ਤਾਂ ਸਭ ਕੁਝ ਵਿੱਚੇ ਆ ਜਾਵੇਗਾ, ਨਾਲੇ ਪੁੰਨ ਨਾਲੇ ਫਲੀਆਂ।