ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ਅਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਖ਼ਤਮ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਕਿ ਸਰਕਾਰ ਨੂੰ ਸ਼ਰਧਾਲੂਆਂ ਦੀ 20 ਡਾਲਰ ਫੀਸ ਮੁਆਫ ਕਰਨ ਦੀ ਅਪੀਲ ਨੂੰ ਵੀ ਮੁੜ ਦੁਹਰਾਇਆ ਹੈ। ਦੱਸ ਦੇਈਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਡਾ ਐਲਾਨ ਕਰਦਿਆਂ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ। ਪਾਸਪੋਰਟ ਦੀ ਜਗ੍ਹਾ ਹੁਣ ਯੋਗ ID ਦੀ ਜ਼ਰੂਰਤ ਹੋਵੇਗੀ।
ਪਹਿਲਾਂ ਸ਼ਰਤ ਸੀ ਕਿ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਆਪਣੇ ਨਾਲ ਪਾਸਪੋਰਟ ਰੱਖਣਾ ਜ਼ਰੂਰੀ ਹੋਵੇਗਾ, ਪਰ ਹੁਣ ਸਿਰਫ਼ ਇੱਕ ਵੈਲਿਡ ID ਦੇ ਆਧਾਰ 'ਤੇ ਹੀ ਯਾਤਰਾ ਹੋ ਸਕੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, 'ਮੈਂ ਇਮਰਾਨ ਖ਼ਾਨ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਮੁਆਫ ਕਰਨ ਲਈ ਖੁਸ਼ ਤੇ ਧੰਨਵਾਦੀ ਹਾਂ। ਪਰ ਮੈਂ ਪਾਕਿਸਤਾਨ ਨੂੰ ਅਪੀਲ ਕਰਾਂਗਾ ਕਿ ਇਸ ਨੂੰ ਸਿਰਫ ਸਿੱਖਾਂ 'ਤੇ ਹੀ ਨਹੀਂ ਬਲਕਿ ਧਰਮ ਨਿਰਪੱਖ ਭਾਰਤ ਦੇ ਸਾਰੇ ਨਾਗਰਿਕਾਂ 'ਤੇ ਲਾਗੂ ਕੀਤਾ ਜਾਵੇ। ਮੈਂ ਪਾਕਿ ਪ੍ਰਧਾਨ ਮੰਤਰੀ ਨੂੰ ਸਿਰਫ ਇਨ੍ਹਾਂ ਦੋ ਦੀ ਬਜਾਏ ਸਾਰੇ ਦਿਨਾਂ ਵਿੱਚ 20 ਡਾਲਰ ਦੀ ਫੀਸ ਮੁਆਫ ਕਰਨ ਦੀ ਅਪੀਲ ਕਰਦਾ ਹਾਂ।'