ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਮੰਗਲਵਾਰ ਨੂੰ ਲੁਧਿਆਣਾ ਦੇ ਮੁਲਾਂਪੁਰ ਦਾਖਾ ਪਹੁੰਚੇ। ਇੱਥੇ ਉਹ ਦਾਖਾ ਤੋਂ ਆਪਣੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਲਈ ਰੋਡ ਸ਼ੋਅ ਕਰ ਰਹੇ ਸੀ ਪਰ ਇਸ ਦੌਰਾਨ ਉਨ੍ਹਾਂ ਨਾਲ ਇੱਕ ਘਟਨਾ ਵਾਪਰ ਗਈ। ਦਰਅਸਲ ਰੋਡ ਸ਼ੋਅ ਦੌਰਾਨ ਕੈਪਟਨ ਦੀ ਬੱਸ ਦੇ ਉੱਪਰ ਬਿਜਲੀ ਦੀਆਂ ਤਾਰਾਂ ਸੀ, ਬਾਹਰ ਨਿਕਲਦਿਆਂ ਇਨ੍ਹਾਂ ਤਾਰਾਂ ਨਾਲ ਵੱਜ ਕੇ ਕੈਪਨਨ ਦੀ ਪੱਗ ਲੱਥ ਗਈ।
ਜਦੋਂ ਕੈਪਟਨ ਦੀ ਪੱਗ ਤਾਰਾਂ ਨਾਲ ਟਕਰਾਈ ਤਾਂ ਸਾਂਸਦ ਰਵਨੀਤ ਬਿੱਟੂ ਉਨ੍ਹਾਂ ਦੇ ਅੱਗੇ ਬੈਠ ਗਏ ਤੇ ਉਨ੍ਹਾਂ ਨੂੰ ਸੰਭਲਣ ਦਾ ਵਕਤ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਹੋਣ ਤੋਂ ਬਚਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ। ਇੱਥੇ ਪੁੱਜੇ ਕੈਪਟਨ ਨੇ ਅੱਜ ਕਿਹਾ ਕਿ ਚੋਣ ਪ੍ਰਚਾਰ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਉਨ੍ਹਾਂ ਪੰਜਾਬ ਵਿੱਚ ਸਾਰੀਆਂ 4 ਸੀਟਾਂ 'ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੀਤਾ। ਹਾਲਾਂਕਿ ਹਰਿਆਣਾ ਦੀਆਂ ਸੀਟਾਂ ਬਾਰੇ ਕੁਝ ਨਹੀਂ ਕਿਹਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਪਾਕਿਸਤਾਨ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਸਾਡੇ ਜਵਾਨਾਂ 'ਤੇ ਗੋਲੀਬਾਰੀ ਬੰਦ ਨਹੀਂ ਕਰੇਗਾ ਤੇ ਅੱਤਵਾਦ ਖ਼ਤਮ ਨਹੀਂ ਕਰੇਗਾ, ਉਦੋਂ ਤਕ ਉਹ ਪਾਕਿਸਤਾਨ ਨਹੀਂ ਜਾਣਗੇ। ਉਂਝ ਉਨ੍ਹਾਂ ਇਹ ਵੀ ਕਿਹਾ ਕਿ ਉਹ ਪਹਿਲੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ ਪਰ ਇਸ ਨੂੰ ਇਹ ਨਾ ਸਮਝਿਆ ਜਾਵੇ ਕਿ ਉਹ ਪਾਕਿਸਤਾਨ ਗਏ ਹਨ। ਕਰਤਾਰਪੁਰ ਸਾਹਿਬ ਹੁਣ ਇੱਕ ਕੌਰੀਡੋਰ ਹੈ ਨਾ ਕਿ ਪਾਕਿਸਤਾਨ।