ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਸ਼ਹਿਰ ਦੇ ਨਾਗਰਿਕਾਂ ਅਤੇ ਦੁਸਹਿਰਾ ਹਾਦਸੇ ਵਿਚ ਮਾਰੇ 61 ਵਿਅਕਤੀਆਂ ਅਤੇ 100 ਜ਼ਖਮੀਆਂ ਦੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਸ਼ਹਿਰ ਅੰਦਰ ਰਾਮਤਲਾਈ ਤੋਂ ਲੈ ਕੇ ਜੌੜਾ ਫਾਟਕ ਨੇੜੇ ਧੋਬੀ ਘਾਟ ਤਕ ਇੱਕ ਮੋਮਬੱਤੀ ਮਾਰਚ ਕੱਢਿਆ। ਇਸ ਥਾਂ ਉੱਤੇ ਪਿਛਲੇ ਸਾਲ ਸਿੱਧੂ ਜੋੜੀ ਨਵਜੋਤ ਸਿੱਧੂ ਅਤੇ ਡਾਕਟਰ ਨਵਜੋਤ ਕੌਰ ਸਿੱਧੂ ਦੇ ਇੱਕ ਕਰੀਬੀ ਵੱਲੋਂ ਗੈਰਕਾਨੂੰਨੀ ਢੰਗ ਨਾਲ ਆਯੋਜਿਤ ਰਾਵਣ ਜਲਾਉਣ ਦਾ ਸਮਾਗਮ ਵੇਖ ਰਹੀ ਭੀੜ ਨੂੰ ਇੱਕ ਰੇਲ ਗੱਡੀ ਨੇ ਕੁਚਲ ਦਿੱਤਾ ਸੀ।
ਪੀੜਤ ਪਰਿਵਾਰਾਂ ਦੇ ਮੈਂਬਰਾਂ, ਸ਼ਹਿਰ ਦੇ ਉੱਘੇ ਨਾਗਰਿਕਾਂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ, ਹਰਮੀਤ ਢਿੱਲੋਂ, ਵਿਰਸਾ ਸਿੰਘ ਵਲਟੋਹਾ ਅਤੇ ਵੀਰ ਸਿੰਘ ਲੋਪੋਕੇ ਸਮੇਤ ਅਕਾਲੀ ਆਗੂਆਂ ਨੇ ਹੱਥਾਂ ਵਿਚ ਤਖ਼ਤੀਆਂ ਲੈ ਕੇ ਪੀੜਤਾਂ ਲਈ ਇਨਸਾਫ ਦੇਣ, ਹਾਦਸੇ ਦੀ ਜ਼ਿੰਮੇਵਾਰੀ ਤੈਅ ਕਰਨ, ਅਪਰਾਧਿਕ ਮਾਮਲੇ ਦਰਜ ਕਰਕੇ ਅਤੇ ਗਿਰਫ਼ਤਾਰ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਪੀੜਤ ਪਰਿਵਾਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ।ਪੀੜਤ ਪਰਿਵਾਰਾਂ ਸਮੇਤ ਮੋਮਬੱਤੀ ਮਾਰਚ ਵਿਚ ਭਾਗ ਲੈਣ ਵਾਲੇ ਲੋਕਾਂ ਨੇ ਸਿੱਧੂ ਜੋੜੀ ਖ਼ਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁੱਛਿਆ ਕਿ ਸਾਬਕਾ ਮੰਤਰੀ ਨਵਜੋਤ ਸਿੱਧੂ ਇਸ ਭਿਆਨਕ ਹਾਦਸੇ ਵਿਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ ਪੈਨਸ਼ਨਾਂ ਦੇਣ ਦੇ ਵਾਅਦੇ ਤੋਂ ਕਿਉਂ ਮੁਕਰ ਗਿਆ ਹੈ?