ਜਿਸਨੂੰ ਗੁਰਦਾਸ ਮਾਣ ਨੇ ਕਿਹਾ ਸੀ ਬੱਤੀ ਮਰੋੜ ਕੇ, ਉਸ ਨੇ ਹੁਣ ਬਣਾਈ ਮਾਨ ਦੀ ਰੇਲ

ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫ਼ੋਰਡ ’ਚ ਆਪਣਾ ਇੱਕ ਸ਼ੋਅ ਕਰਨ ਲਈ ਪੁੱਜੇ ਪੰਜਾਬ ਦੇ ਹਰਮਨਪਿਆਰੇ ਗਾਇਕ ਗੁਰਦਾਸ ਮਾਨ ਹੁਣ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ‘ਇੱਕ ਦੇਸ਼ ਇੱਕ ਭਾਸ਼ਾ’ ਦੇ ਨਾਅਰੇ ਦੀ ਹਮਾਇਤ ਕੀਤੀ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੈਨੇਡਾ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੇ ਪੰਜਾਬੀਆਂ ਨੇ ਗੁਰਦਾਸ ਮਾਨ ਦੀ ਤਿੱਖੀ ਆਲੋਚਨਾ ਕਰਨੀ ਸ਼ੁਰੁ ਕਰ ਦਿੱਤੀ ਹੈ। ਪੰਜਾਬੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਹੀ ਇੱਕ ਸਭਿਆਚਾਰ ਵਿੱਚ ਪਿਰੋ ਕੇ ਰੱਖਦੀ ਹੈ।

ਸ੍ਰੀ ਗੁਰਦਾਸ ਮਾਨ ਨੇ ਵੈਨਕੂਵਰ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਖਿਆ ਸੀ ਕਿ ਇੱਕ ਰਾਸ਼ਟਰ ਵਿੱਚ ਇੱਕ ਭਾਸ਼ਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਜਦੋਂ ਕੋਈ ਉੱਤਰੀ ਭਾਰਤ ਤੋਂ ਦੱਖਣ ਵਿੱਚ ਜਾਵੇਗਾ, ਤਾਂ ਉਸ ਇੱਕ ਭਾਸ਼ਾ ਨਾਲ ਆਸਾਨੀ ਹੋਵੇਗੀ। ਉਨ੍ਹਾਂ ਪੰਜਾਬੀ ਨੂੰ ਮਾਂ–ਬੋਲੀ ਕਿਹਾ, ਤਾਂ ਹਿੰਦੀ ਨੂੰ ‘ਮਾਸੀ’ ਆਖ ਕੇ ਮੌਕਾ ਸੰਭਾਲਣ ਦਾ ਜਤਨ ਕੀਤਾ। ਪੰਜਾਬੀਆਂ ਦੀ ਦਲੀਲ ਹੈ ਕਿ ਉਹ ਗੁਰਦਾਸ ਮਾਨ ਦੀ ਦਲੀਲ ਨਾਲ ਸਹਿਮਤ ਨਹੀਂ ਹਨ ਕਿਉਂਕਿ ਭਾਰਤ ਦਾ ਸੁਹੱਪਣ ਤਾਂ ਹੈ ਹੀ ‘ਵਿਭਿੰਨਤਾ ’ਚ ਏਕਤਾ’ ਵਿੱਚ ਹੀ ਲੁਕਿਆ ਹੋਇਆ ਹੈ। ਹਰੇਕ ਦਾ ਆਪਣਾ ਵੱਖਰਾ ਸਭਿਆਚਾਰ ਹੈ।

ਜੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਫ਼ਾਰਮੂਲਾ ਲਾਗੂ ਕਰ ਦਿੱਤਾ ਗਿਆ, ਤਾਂ ਮਾਂ–ਬੋਲੀ ਦੀ ਅਹਿਮੀਅਤ ਘਟ ਜਾਂ ਖ਼ਤਮ ਹੋ ਜਾਵੇਗੀ ਤੇ ਸਾਰੇ ਆਪੋ–ਆਪਣੇ ਸਭਿਆਚਾਰ ਤੋਂ ਦੂਰ ਹੋ ਜਾਣਗੇ। ਭਾਰਤੀ ਪੰਜਾਬ ਦੇ ਨਾਲ–ਨਾਲ ਕੈਨੇਡਾ ਵਿੱਚ ਵੀ ਗੁਰਦਾਸ ਮਾਨ ਦਾ ਵਿਰੋਧ ਵੱਡੇ ਪੱਧਰ ’ਤੇ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ‘ਇੱਕ ਦੇਸ਼ ਇੱਕ ਭਾਸ਼ਾ’ ਦੀ ਹਮਾਇਤ ਕਰ ਕੇ ਪੰਜਾਬੀਆਂ ਦਾ ਦਿਲ ਦੁਖਾਇਆ ਹੈ।