ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੰਜਾਬੀ ਮਾਂ ਬੋਲੀ ਸਬੰਧੀ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਦੂਜੇ ਪਾਸੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਹਿੰਦੀ ਨੂੰ ਮਾਸੀ ਭਾਸ਼ਾ ਦਾ ਦਰਜਾ ਦੇ ਕੇ ਉਸ ਨੂੰ ਪ੍ਰਮੋਟ ਕਰਨ ਦਾ ਯਤਨ ਕੀਤਾ ਹੈ। ਗਾਇਕ ਗੁਰਦਾਸ ਮਾਨ ਦਾ ਕੈਨੇਡਾ ’ਚ ਵਿਰੋਧ ਦੌਰਾਨ ਉਥੇ ਦੇ ਪੰਜਾਬੀਆਂ ਨੇ ਜੋ ਪੋਸਟਰ ਫੜੇ ਹੋਏ ਸਨ, ਉਨ੍ਹਾਂ ’ਤੇ ‘ਪੰਜਾਬੀ ਦਾ ਗੱਦਾਰ ਗੁਰਦਾਸ ਮਾਨ’ ਅਤੇ ਕਈ ਹੋਰ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਦੀ ਇੰਟਰਵਿਊ ਦੇ ਵਿਰੋਧ ’ਚ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ’ਚ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਕੈਨੇਡਾ ’ਚ ਹੋ ਰਹੇ ਗੁਰਦਾਸ ਦੇ ਸ਼ੋਅ ਦੀਆਂ ਪੰਜਾਬੀਆਂ ਨੇ ਟਿਕਟਾਂ ਵੀ ਪਾਡ਼ ਦਿੱਤੀਆਂ।
ਕੈਨੇਡਾ ’ਚ ਗੁਰਦਾਸ ਮਾਨ ਦਾ ਜਿਸ ਜਗ੍ਹਾ ਇਹ ਸ਼ੋਅ ਹੋਣਾ ਸੀ, ਉਥੇ ਵੱਡੇ ਪੱਧਰ ’ਤੇ ਪੰਜਾਬੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਸਦੇ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ੋਅ ਦੇਖਣ ਆਏ ਪੰਜਾਬੀ ਰੋਸ ਵਿਖਾਵੇ ’ਚ ਸ਼ਾਮਲ ਹੋਏ। ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦਾਸ ਮਾਨ ਪੰਜਾਬ ਦੀ ਰੋਟੀ ਖਾ ਕੇ ਹਿੰਦੀ ਦੀ ਗੱਲ ਕਰ ਰਿਹਾ ਹੈ, ਜਿਸ ਕਰ ਕੇ ਉਸ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਵਰਨਣਯੋਗ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਦੇ ਸਿਰ ’ਤੇ ਹੀ ਆਪਣੀ ਪਛਾਣ ਬਣਾਈ ਹੈ। ਅੱਜ ਵਿਦੇਸ਼ ’ਚ ਉਨ੍ਹਾਂ ਦੇ ਖੁੱਲ੍ਹੇ ਸ਼ੋਅ ਦੌਰਾਨ ਪੰਜਾਬੀਆਂ ਨੇ ਉਨ੍ਹਾਂ ਦਾ ਵੱਡੇ ਪੱਧਰ ’ਤੇ ਵਿਰੋਧ ਕਰ ਕੇ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਦਾ ਤਹੱਈਆ ਕੀਤਾ ਹੈ।