ਦੇਵ ਖਰੌਡ ਦਾ ਟੁੱਟ ਗਿਆ ਸੀ ਦਿਲ, ਭਗਵੰਤ ਮਾਨ ਨੇ ਬਚਾਈ ਸੀ ਜਾਨ

ਰੁਪਿੰਦਰ ਗਾਂਧੀ ਤੋਂ ਮਿੰਟੂ ਗੁਰੂਸਰੀਆ ਬਣਨ ਲਈ ਦੇਵ ਦੀ ਕੀਤੀ ਮਿਹਨਤ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ਡਾਕੂਆਂ ਦਾ ਮੁੰਡਾ ਦੇ ਟ੍ਰੇਲਰ ਵਿੱਚ ਦੇਖੀ ਗਈ ਹੈ। ਨਿਊਜ਼ 18 ਪੰਜਾਬ ਨਾਲ ਕੀਤੀ ਖ਼ਾਸ ਗੱਲਬਾਤ ਦੌਰਾਨ ਦੇਵ ਨੇ ਗਾਂਧੀ ਤੋਂ ਲੈ ਕੇ ਮਿੰਟੂ ਬਣਨ ਦੇ ਕਈ ਕਿੱਸੇ ਸਾਂਝੇ ਕੀਤੇ। ਦੇਵ ਜਿਨ੍ਹਾਂ ਨੂੰ ਅਸੀਂ ਕੁੱਝ ਸਾਲ ਪਹਿਲਾਂ ਜੁਗਨੂੰ ਮਸਤ ਮਸਤ ਵਿੱਚ ਭਗਵੰਤ ਮਾਨ ਨਾਲ ਲੋਕਾਂ ਨੂੰ ਹਸਾਉਂਦੇ ਹੋਏ ਵੀ ਦੇਖਿਆ ਹੈ, ਉਹ ਆਪਣੇ ਫ਼ਿਲਮਾਂ ਵਿੱਚ ਨਿਭਾਏ ਕਿਰਦਾਰਾਂ ਜਿੰਨੇ ਸੀਰੀਅਸ ਨਹੀਂ ਹਨ।

ਇਸ ਇੰਟਰਵਿਊ ਦੌਰਾਨ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏ ਦੇਵ ਨੇ ਭਾਵੇਂ ਅੱਜ ਤੱਕ ਗੰਭੀਰ ਰੋਲ ਕੀਤੇ ਨੇ ਪਰ ਉਨ੍ਹਾਂ ਦੀ ਅਸਲ ਜ਼ਿੰਦਗੀ ਹੱਸਿਆ ਦੀ ਪਟਾਰੀ ਹੈ। ਕਹਿੰਦੇ ਹਨ ਕਿ ਸੰਘਰਸ਼ ਤੇ ਮਿਹਨਤ ਦਾ ਮੁੱਲ ਭਾਵੇਂ ਦੇਰੀ ਨਾਲ ਪਵੇ ਪਰ ਪੈਂਦਾ ਜ਼ਰੂਰ ਹੈ। ਇਸ ਗੱਲ ਦਾ ਗਵਾਹ ਅਦਾਕਾਰ ਦੇਵ ਖਰੌੜ ਹੈ। ਦੇਵ ਉਹ ਅਦਾਕਾਰ ਹੈ ਜਿਸ ਨੇ ਲੰਬੇ ਸੰਘਰਸ਼ ਤੇ ਮਿਹਨਤ ਨਾਲ ਪੰਜਾਬੀ ਫਿਲਮ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬੀ ਫਿਲਮਾਂ ਦੇ ਐਕਸ਼ਨ ਹੀਰੋ ਬਣੇ ਦੇਵ ਨੂੰ ਉਸ ਦੀ ਮਿਹਨਤ ਅਜਿਹੀ ਰਾਸ ਆਈ ਹੈ ਕਿ ਅੱਜ ਉਹ ਪੰਜਾਬੀ ਫਿਲਮਾਂ ਦਾ ਚਰਚਿਤ ਹੀਰੋ ਹੈ।

ਉਸ ਦੀ ਹਰ ਫਿਲਮ ਸਿਨੇਮਾ ਖਿੜਕੀ 'ਤੇ ਧਮਾਲ ਮਚਾਉਂਦੀ ਹੈ। ਦੇਵ ਅਕਸਰ ਕਹਿੰਦਾ ਹੈ ਕਿ ਉਹ ਅੱਜ ਜਿਸ ਵੀ ਮੁਕਾਮ 'ਤੇ ਹੈ ਸਿਰਫ਼ ਆਪਣੇ ਪ੍ਰਸ਼ੰਸਕਾਂ ਦੀ ਬਦੌਲਤ ਹੀ ਹੈ। ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਇਹ ਹੀਰੋ ਲੰਬੇ ਅਰਸੇ ਤੋਂ ਥੀਏਟਰ ਨਾਲ ਵੀ ਜੁੜਿਆ ਹੋਇਆ ਹੈ। ਫਿਲਮਾਂ 'ਚ ਆਉਣ ਤੋਂ ਪਹਿਲਾਂ ਉਸ ਨੇ ਕਈ ਸਾਲ ਟੈਲੀਵਿਜ਼ਨ 'ਤੇ ਵੱਖ-ਵੱਖ ਅਦਾਕਾਰਾਂ ਨਾਲ ਕੰਮ ਕੀਤਾ। ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ, ਰਾਣਾ ਰਣਬੀਰ ਤੇ ਭਗਵੰਤ ਮਾਨ ਨਾਲ ਉਹ ਕਈ ਟੀਵੀ ਸੀਰੀਅਲ ਅਤੇ ਡਰਾਮੇ ਕਰ ਚੁੱਕਾ ਹੈ।