ਜਿੱਥੇ ਗੁਰਦਾਸ ਮਾਨ ਦਾ 'ਇਕ ਰਾਸ਼ਟਰ-ਇਕ ਬੋਲੀ' ਦਾ ਸਮਰਥਨ ਕਰਨ ਅਤੇ ਸਟੇਜ ਦੌਰਾਨ ਗਾਲ ਕੱਢਣ ਨੂੰ ਲੈ ਕੇ ਅਤੇ ਗੀਤ ਵਿਚ ਮਾਈ ਭਾਗੋ ਦੇ ਨਾਂਅ ਨੂੰ ਗ਼ਲਤ ਤਰੀਕੇ ਨਾਲ ਵਰਤਣ ਨੂੰ ਲੈ ਕੇ ਦੇਸ਼ ਵਿਦੇਸ਼ ਵਿਚ ਇਨ੍ਹਾਂ ਦੋਵੇਂ ਗਾਇਕਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹ ਹੈ। ਉਥੇ ਹੀ ਹੁਣ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇਨ੍ਹਾਂ ਦੋਵੇਂ ਗਾਇਕਾਂ ਦੇ ਹੱਕ ਵਿਚ ਨਿੱਤਰ ਆਏ ਹਨ। ਰਾਜਾ ਵੜਿੰਗ ਨੇ ਆਖਿਆ ਕਿ ਗੁਰਦਾਸ ਮਾਨ 50 ਸਾਲ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਅੱਜ ਤੱਕ ਕਿਸੇ ਨੂੰ ਵੀ ਮਾੜਾ ਨਹੀਂ ਬੋਲਿਆ ਇਸ ਲਈ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸਿੱਧੂ ਮੂਸੇਵਾਲਾ ਅਤੇ ਗੁਰਦਾਸ ਮਾਨ ਪੰਜਾਬ ਦੇ ਵਸਨੀਕ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਵੀ ਸਮਰਥਨ ਕੀਤਾ। ਦੱਸ ਦਈਏ ਕਿ ਮੌਜੂਦਾ ਸਮੇਂ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲੇ ਵੱਖੋ ਵੱਖਰੇ ਵਿਵਾਦ ਵਿਚ ਘਿਰੇ ਹੋਏ ਹਨ। ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਇੰਨਾ ਬਵਾਲ ਹੋ ਰਿਹਾ ਹੈ।