ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਦੀ ਆਵਾਜ਼ ਬਣਨ ਤੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਸਮੇਤ ਵਿਸ਼ਵ ਦੇ ਹਰੇਕ ਮੰਚ 'ਤੇ ਉਠਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ | ਉਨ੍ਹਾਂ ਨਾਲ ਹੀ ਕੌਮਾਂਤਰੀ ਭਾਈਚਾਰੇ ਵਲੋਂ ਕਸ਼ਮੀਰ ਦੇ ਹਾਲਾਤ 'ਤੇ ਵੱਟੀ ਚੁੱਪੀ 'ਤੇ ਵੀ ਸਵਾਲ ਕੀਤਾ ਹੈ | ਮੁਜ਼ੱਫਰਾਬਾਦ 'ਚ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਭਾਰਤ-ਪਾਕਿ 'ਚ ਜੰਗ ਹੰੁਦੀ ਹੈ ਤਾਂ ਇਸ ਲਈ ਕੌਮਾਂਤਰੀ ਭਾਈਚਾਰਾ ਜ਼ਿੰਮੇਵਾਰ ਹੋਵੇਗਾ |
ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀ ਨਜ਼ਰ ਕਸ਼ਮੀਰ ਤੇ ਪਾਕਿਸਤਾਨ 'ਤੇ ਹੈ | ਉਨ੍ਹਾਂ ਕਿਹਾ ਕਿ ਮੈਂ ਇਕ ਦੂਤ ਬਣ ਕੇ ਕਸ਼ਮੀਰ ਦੇ ਮੁੱਦੇ ਨੂੰ ਹਰੇਕ ਕੌਮਾਂਤਰੀ ਮੰਚ 'ਤੇ ਉਠਾਵਾਂਗਾ | ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾ ਕੇ ਇਸ ਦਾ ਵਿਸ਼ੇਸ਼ ਸੂਬੇ ਦਾ ਰੁਤਬਾ ਖ਼ਤਮ ਕਰਨ ਤੋਂ ਬਾਅਦ ਕਸ਼ਮੀਰੀ ਲੋਕਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਦੇ ਮਕਸਦ ਨਾਲ ਮੁਜ਼ੱਫਰਾਬਾਦ ਵਿਖੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਉਣ ਪਹੰੁਚੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਸਰਕਾਰ ਦੇ ਇਸ ਕਦਮ ਨੂੰ ਰਣਨੀਤਿਕ ਗਲਤੀ ਕਰਾਰ ਦਿੱਤਾ ਹੈ |
ਆਪਣੇ ਸੰਬੋਧਨ 'ਚ ਇਮਰਾਨ ਖਾਨ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਬਹੁਤ ਵੱਡੀ ਰਣਨੀਤਿਕ ਗਲਤੀ ਕੀਤੀ ਹੈ |ਉਨ੍ਹਾਂ ਆਪਣਾ ਆਖਰੀ ਪੱਤਾ ਖੇਡ ਲਿਆ ਹੈ, ਜਿਸ ਦੀ ਮੋਦੀ ਤੇ ਭਾਜਪਾ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਮੰਚ 'ਤੇ ਮੈਂ ਦੂਤ ਬਣ ਕੇ ਕਸ਼ਮੀਰ ਦੇ ਮੁੱਦੇ ਨੂੰ ਉਠਾਵਾਂਗਾ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਾਰਤ ਨੇ ਉਨ੍ਹਾਂ ਦੇ ਦੇਸ਼ ਖ਼ਲਾਫ਼ ਕਿਸੇ ਵੀ ਹਮਲੇ ਦੀ ਸ਼ੁਰੂਆਤ ਕੀਤੀ ਤਾਂ ਪਾਕਿਸਤਾਨ ਇਸ ਦਾ ਢੁਕਵਾਂ ਜਵਾਬ ਦੇਵੇਗਾ |
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਪੂਰੀ ਜਾਣਕਾਰੀ ਮਿਲੀ ਹੈ ਕਿ ਭਾਰਤ ਨੇ ਮਕਬੂਜ਼ਾ ਕਸ਼ਮੀਰ 'ਚ ਕਾਰਵਾਈ ਕਰਨ ਲਈ ਇਕ ਯੋਜਨਾ ਬਣਾਈ ਹੈ | ਇਮਰਾਨ ਖਾਨ ਨੇ ਕਿਹਾ ਕਿ 'ਇਹ ਮੇਰਾ ਸੁਨੇਹਾ ਹੈ ਕਿ ਤੁਸੀਂ ਕੋਈ ਕਾਰਵਾਈ ਤਾਂ ਕਰੋ, ਹਰੇਕ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ' | ਖਾਨ ਨੇ ਕਿਹਾ ਕਿ ਤੁਹਾਡੇ ਕਿਸੇ ਵੀ ਹਮਲੇ ਦਾ ਅੰਤ ਤੱਕ ਮੁਕਾਬਲਾ ਕਰਾਂਗੇ |