ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਐੱਚਐੱਸ ਫੂਲਕਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਇਨਸਾਫ਼ ਨਾ ਹੋਣ ਕਾਰਨ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਹਾਲੇ ਵੀ ਬੇਅਦਬੀ ਮਾਮਲਿਆਂ ਬਾਰੇ ਇਨਸਾਫ਼ 'ਚ ਦੇਰ ਹੋ ਰਹੀ ਹੈ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਵੀ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ 'ਚ ਮੁੱਖ ਮੰਤਰੀ ਅੱਗੇ ਝੋਲੀ ਅੱਡ ਕੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਸੀ ਪਰ ਅਜੇ ਵੀ ਸਰਕਾਰ ਇਸ ਮਾਮਲੇ ਪ੍ਰਤੀ ਢਿੱਲ ਵਰਤ ਰਹੀ ਹੈ।
ਉਨ੍ਹਾਂ ਕਿਹਾ ਕਿ ਸੀਬੀਆਈ ਨੇ ਬੇਅਦਬੀ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਵੀ ਇਸ ਕਾਰਨ ਅਦਾਲਤ 'ਚ ਪੇਸ਼ ਕੀਤੀ ਹੈ ਤਾਂ ਜੋ ਮਾਮਲੇ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ। ਬੇਅਦਬੀ ਮਾਮਲਿਆਂ ਬਾਰੇ ਅਕਾਲੀ ਦਲ ਬਾਦਲ ਵੀ ਦੋਹਰੀ ਸਿਆਸਤ ਕਰ ਰਿਹਾ ਹੈ ਜਿਸ ਕਾਰਨ ਅਕਾਲੀ ਦਲ ਦਾ ਆਧਾਰ ਹੋਰ ਵੀ ਖੁੱਸ ਜਾਵੇਗਾ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਚਐੱਸ ਫੂਲਕਾ ਨੇ ਕਿਹਾ ਕਿ ਉਹ ਜਜ਼ਬਾਤੀ ਵਿਅਕਤੀ ਹੈ ਜਿਸ ਕਾਰਨ ਹਮੇਸ਼ਾ ਹੀ ਇਨਕਲਾਬੀ ਕਦਮ ਉਹ ਉਠਾਉਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੀ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅਸਤੀਫ਼ਾ ਦੇ ਦਿੰਦੇ ਤਾਂ ਹੁਣ ਤਕ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੁੰਦਾ।ਉਨ੍ਹਾਂ ਕਿਹਾ ਕਿ ਵਿਧਾਇਕ ਹੁੰਦੇ ਹੋਏ ਜੋ ਉਨ੍ਹਾਂ ਤਨਖ਼ਾਹ ਅਤੇ ਭੱਤੇ ਹਾਸਲ ਕੀਤੇ ਹਨ, ਉਹ ਆਪਣੇ ਇਲਾਕੇ ਦੇ ਵਿਕਾਸ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ 'ਤੇ ਲਗਾਵੇਗਾ ਅਤੇ ਪੈਨਸ਼ਨ ਵੀ ਇਸੇ ਕੰਮ 'ਤੇ ਲਗਾਈ ਜਾਵੇਗੀ। ਫੂਲਕਾ ਨੇ ਸਪੱਸ਼ਟ ਕੀਤਾ ਕਿ ਉਹ ਸਿਆਸਤ ਨਹੀਂ ਛੱਡਣਗੇ ਪਰ ਕਿਸੇ ਤਰ੍ਹਾਂ ਦੀ ਚੋਣ ਵੀ ਨਹੀਂ ਲੜਨਗੇ। ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਦਿੱਲੀ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਅੰਦਰ ਕਰਾਉਣ ਲਈ ਉਹ ਜੀਅ-ਜਾਨ ਨਾਲ ਲੜਦੇ ਰਹਿਣਗੇ।