ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਕੌਮਾਂਤਰੀ ਨਗਰ ਕੀਰਤਨ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੌਜੂਦ ਹਨ।ਇਹ ਕੌਮਾਂਤਰੀ ਨਗਰ ਕੀਰਤਨ 1 ਅਗਸਤ ਤੋਂ ਸ਼ੁਰੂ ਹੋ ਕੇ 3 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਅੱਜ ਪਹਿਲੀ ਵਾਰ ਭਾਰਤ ਲਈ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਲਈ ਸਾਰੀਆਂ ਤਿਆਰੀਆਂ ਪੰਜਾਬ ਸਮੇਤ ਭਾਰਤ ਵਿੱਚ ਮੁਕੰਮਲ ਹੋ ਗਈਆਂ ਹਨ।
ਇਸ ਖ਼ਾਸ ਮੌਕੇ ਲਹਿੰਦੇ ਪੰਜਾਬ ਦਾ ਪੁਲਿਸ ਬੈਂਡ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਇਆ ਹੈ। ਇਸ ਦੇ ਇਲਾਵਾ ਨਗਰ ਕੀਰਤਨ ਲਈ ਰੈੱਡ ਕਾਰਪੇਟ ਵਿਛਾਇਆ ਗਿਆ ਹੈ। ਇਹ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਦੇ ਮੋਟਰ-ਵੇ ਤੋਂ ਹੁੰਦਾ ਹੋਇਆ ਲਾਹੌਰ ਬੰਦ ਰੋਡ ਰਾਹੀਂ ਵਾਹਗਾ ਸਰਹੱਦ ਵਿਖੇ ਪਹੁੰਚੇਗਾ। ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ‘ਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸਵੇਰੇ ਭੋਗ ਪਾਏ ਗਏ ਹਨ।
ਇਸ ਤੋਂ ਬਾਅਦ ਜਥੇ ‘ਚ ਸ਼ਾਮਲ ਮੁੱਖ ਸ਼ਖ਼ਸੀਅਤਾਂ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਨਮਾਨ ਕੀਤਾ ਗਿਆ। ਦੱਸ ਦੇਈਏ ਕਿ ਨਗਰ ਕੀਰਤਨ 1 ਅਗਸਤ ਨੂੰ ਦੁਪਹਿਰ 12:00 ਵਜੇ ਦੇ ਕਰੀਬ ਅੰਤਰਰਾਸ਼ਟਰੀ ਸਰਹੱਦ ਰਾਹੀਂ ਅਟਾਰੀ ਦਾਖ਼ਲ ਹੋਵੇਗਾ, ਜਿਥੇ ਭਰਵੇਂ ਸਵਾਗਤ ਲਈ ਪ੍ਰਬੰਧ ਲਗਾਤਾਰ ਜਾਰੀ ਹਨ। ਇਸ ਤੋਂ ਇਲਾਵਾ ਅਟਾਰੀ ਪੁੱਜਣ ਵਾਲੀ ਸੰਗਤ ਲਈ ਲੰਗਰਾਂ ਆਦਿ ਦੇ ਪ੍ਰਬੰਧ ਵੀ ਮੁਕੰਮਲ ਹਨ।