ਡੀ.ਸੀ. ਸੰਗਰੂਰ ਘਣਸ਼ਿਆਮ ਥੋਰੀ ਤੇ ਐਸ.ਐਸ.ਪੀ ਸੰਗਰੂਰ ਡਾ: ਸੰਦੀਪ ਗਰਗ ਦੀ ਅਗਵਾਈ 'ਚ ਐਸ.ਡੀ.ਐਮ ਦਫ਼ਤਰ ਮੂਣਕ ਵਿਖੇ ਕੱਲ੍ਹ ਦੇਰ ਰਾਤ ਸਬ ਡਵੀਜ਼ਨ ਪੱਧਰ ਦੇ ਅਧਿਕਾਰੀਆਂ ਤੇ ਇਲਾਕੇ ਦੇ ਪਤਵੰਤਿਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਘੱਗਰ ਦਰਿਆ ਦੇ ਹੜ੍ਹਾਂ ਦੀ ਮੌਜੂਦਾ ਸਥਿਤੀ 'ਤੇ ਵਿਚਾਰ ਚਰਚਾ ਕੀਤੀ ਗਈ ਅਤੇ ਘੱਗਰ ਦਰਿਆ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਖ਼ੁਦ ਜਾ ਕੇ ਲੋਕਾਂ ਦੀਆਂ ਮੁਸ਼ਕਲ ਸੁਣਨ ਤੇ ਘੱਗਰ ਦਰਿਆ ਵਿਚ ਪਏ ਪਾੜ ਨੂੰ ਪੂਰਨ ਲਈ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ|
ਇਸ ਸਮੇਂ ਐਸ.ਡੀ.ਐਮ ਮੂਣਕ ਸੂਬਾ ਸਿੰਘ, ਡੀ.ਐਸ.ਪੀ. ਬੂਟਾ ਸਿੰਘ, ਨਗਰ ਪੰਚਾਇਤ ਮੂਣਕ ਦੇ ਪ੍ਰਧਾਨ ਜਗਦੀਸ਼ ਗੋਇਲ ਤੋਂ ਇਲਾਵਾ ਡਰੇਨਜ ਵਿਭਾਗ ਦੇ ਅਧਿਕਾਰੀ ਮੌਜੂਦ ਸਨ | ਹੜ੍ਹਾਂ ਸਬੰਧੀ ਪਿੰਡਾਂ ਦੇ ਸਰਪੰਚ, ਪੰਚਾਂ ਦੀ ਅਤੇ ਬੀ.ਡੀ.ਪੀ.ਓ ਦੇ ਦਫ਼ਤਰ ਸਟਾਫ਼ ਦੀ ਮੀਟਿੰਗ ਸੂਬਾ ਸਿੰਘ ਐਸ.ਡੀ.ਐਮ ਮੂਣਕ ਅਤੇ ਸ: ਨਰਪਿੰਦਰ ਸਿੰਘ ਗਰੇਵਾਲ ਡੀ.ਡੀ.ਪੀ.ਓ ਸੰਗਰੂਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਤਹਿਸੀਲਦਾਰ ਸੁਰਿੰਦਰ ਸਿੰਘ, ਬੀ.ਡੀ.ਪੀ.ਓ ਮੈਡਮ ਪਰਮਜੀਤ ਕੌਰ ਨੇ ਵੀ ਸ਼ਿਰਕਤ ਕੀਤੀ | ਸੂਬਾ ਸਿੰਘ ਨੇ ਸਰਪੰਚਾਂ ਪੰਚਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ |
ਸ: ਗਰੇਵਾਲ ਨੇ ਮਨਰੇਗਾ ਮਨਦੂਰਾਂ ਤੇ ਇੰਚਾਰਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਘੱਗਰ ਦਰਿਆ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਮਨਰੇਗਾ ਮਜ਼ਦੂਰਾ ਦਾ ਸਹਿਯੋਗ ਲਿਆ ਜਾਵੇ | ਇਸ ਮੌਕੇ ਸਰਪੰਚ ਲਵਪ੍ਰੀਤ ਸਿੰਘ, ਪੱਪਾ ਸਿੰਘ ਕੜੈਲ, ਸਰਪੰਚ ਸੁਖਜੀਤ ਕੌਰ, ਸਕੱਤਰ ਗੁਰਤੇਜ ਸਿੰਘ, ਸਕੱਤਰ ਰਾਜਵਿੰਦਰ ਸਿੰਘ, ਸਕੱਤਰ ਸੁਰੇਸ਼ ਕੁਮਾਰ, ਸਕੱਤਰ ਪਿ੍ਥੀ ਸਿੰਘ, ਸਰਪੰਚ ਸੁਰਜੀਤ ਕੌਰ, ਮਹਿੰਦਰ ਸਿੰਘ ਅਤੇ ਹਰਬੰਸ ਸਿੰਘ ਮੌਜੂਦ ਸਨ |