ਸਿੱਧੂ ਨੂੰ ਮਿਲੇਗਾ ਇਹ ਅਹੁਦਾ, ਪ੍ਰਿਯੰਕਾ ਗਾਂਧੀ ਦਾ ਹੱਥ ਹੈ ਸਿਰ ਤੇ

Tags

ਪੰਜਾਬ ਕੈਬਨਿਟ ਦੀ ਪਿੱਚ 'ਤੇ ਨਵਜੋਤ ਸਿੰਘ ਸਿੱਧੂ ਅਰਧ-ਸੈਂਕੜਾ ਪਾਰੀ ਖੇਡ ਕੇ ਆਊਟ ਹੋ ਚੁੱਕੇ ਹਨ। ਸਿੱਧੂ ਕਾਂਗਰਸ ਦੀ ਟੀਮ 'ਚ ਬਣੇ ਰਹਿਣਗੇ, ਇਸ ਦਾ ਫੈਸਲਾ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਵਾਡਰਾ ਭਵਿੱਖ 'ਚ ਤੈਅ ਕਰੇਗੀ। ਰਾਹੁਲ ਗਾਂਧੀ ਵੱਲੋਂ ਰਾਸ਼ਟਰੀ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦਾ ਇਕ ਵਰਗ ਪ੍ਰਿਯੰਕਾ ਨੂੰ ਨਵੇਂ ਪ੍ਰਧਾਨ ਵਜੋਂ ਦੇਖ ਰਿਹਾ ਹੈ। ਅਜਿਹੇ 'ਚ ਪ੍ਰਿਯੰਕਾ, ਸਿੱਧੂ ਨੂੰ ਕਾਂਗਰਸ ਦੀ ਟੀਮ 'ਚ ਬਣਾਏ ਰੱਖਣ ਲਈ ਅਹਿਮ ਫੈਸਲਾ ਲੈ ਸਕਦੀ ਹੈ। ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ) 'ਚ ਅਹਿਮ ਅਹੁਦਾ ਮਿਲ ਸਕਦਾ ਹੈ।

ਅਹਿਮ ਗੱਲ ਇਹ ਹੈ ਕਿ ਸਿੱਧੂ ਦਾ ਅਸਤੀਫਾ ਉਸ ਵੇਲੇ ਆਇਆ ਹੈ, ਜਦੋਂ ਪ੍ਰਿਯੰਕਾ ਕਾਂਗਰਸ 'ਚ ਸਰਗਰਮੀ ਦਿਖਾ ਰਹੀ ਹੈ। ਸਿੱਧੂ ਨੂੰ ਕਾਂਗਰਸ 'ਚ ਲਿਆਉਣ ਦੇ ਪਿੱਛੇ ਵੀ ਪ੍ਰਿਯੰਕਾ ਹੀ ਸੀ। ਉਨ੍ਹਾਂ ਨੇ ਸਿੱਧੂ ਦਾ ਕੈਬਨਿਟ ਅਹੁਦਾ ਬਰਕਰਾਰ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਂਗਰਸ 'ਚ ਚੱਲ ਰਹੇ ਫੇਰ-ਬਦਲ ਕਾਰਨ ਉਹ ਸਿੱਧੂ ਦੀ ਮਦਦ ਨਹੀਂ ਸਕੀ। ਸਿੱਧੂ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਹੈ ਪਰ ਪਾਰਟੀ ਤੋਂ ਨਹੀਂ। ਅਜਿਹੇ 'ਚ ਸਿੱਧੂ ਕੋਲ 'ਵੇਟ ਐਂਡ ਵਾਚ' ਦੀ ਨੀਤੀ ਅਪਣਾਉਣ ਦੇ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ, ਕਿਉਂਕਿ ਜੇਕਰ ਪ੍ਰਿਯੰਕਾ ਦੇ ਹੱਥ 'ਚ ਕਾਂਗਰਸ ਦੀ ਕਮਾਂਡ ਆਉਂਦੀ ਹੈ ਤਾਂ ਸਿੱਧੂ ਨੂੰ ਸੰਗਠਨ 'ਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ।

ਸਿੱਧੂ ਦੇ ਕੈਬਨਿਟ 'ਚੋਂ ਆਊਟ ਹੋਣ ਨਾਲ ਕਾਂਗਰਸ ਦਾ ਇਕ ਵੱਡਾ ਤਬਕਾ ਰਾਹਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਦੀ ਕਾਂਗਰਸ 'ਚ ਐਂਟਰੀ ਮੌਕੇ ਕੋਈ ਵੀ ਸੀਨੀਅਰ ਆਗੂ ਖੁਸ਼ ਨਹੀਂ ਸੀ। ਕਾਂਗਰਸ 'ਚ ਆਉਣ ਤੋਂ ਬਾਅਦ ਸਿੱਧੂ ਨੇ ਜੋ ਤਿੱਖੇ ਤੇਵਰ ਦਿਖਾਏ, ਉਸ ਤੋਂ ਇਹ ਸੰਕੇਤ ਮਿਲ ਰਹੇ ਸਨ ਕਿ ਕਾਂਗਰਸ 'ਚ ਉਨ੍ਹਾਂ ਦਾ ਭਵਿੱਖ ਸੁਨਹਿਰੀ ਨਹੀਂ ਹੈ।ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਤੇ ਬੇਟੀ ਰਾਬੀਆ ਸਿੱਧੂ ਐਤਵਾਰ ਸ਼ਾਮ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚੇ। ਸਿੱਧੂ ਸਖ਼ਤ ਸੁਰੱਖਿਆ ਹੇਠ ਕੋਠੀ 'ਚ ਦਾਖਲ ਹੋਏ ਤੇ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਭੇਜ ਦਿੱਤਾ। ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।