ਬਰਗਾੜੀ ਮੋਰਚੇ ਨਾਲ ਸੰਬੰਧਤ ਨੌਜਵਾਨ ਗਾਇਕ ਅਤੇ ਕਵੀਸ਼ਰ ਪ੍ਰਿਤਪਾਲ ਸਿੰਘ ਬਰਗਾੜੀ ’ਤੇ ਅੱਜ ਅਣਪਛਾਤੇ ਮੋਟਰ ਸਾਈਕਲ ਸਵਾਰ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾਂਦੀ ਹੈ। ਜਿਸ ਵੇਲੇ ਇਹ ਹਮਲਾ ਹੋਇਆ, ਉਸ ਵੇਲੇ ਪ੍ਰਿਤਪਾਲ ਸਿੰਘ ਆਪਣੀ ਕਾਰ ਵਿਚ ਬਰਗਾੜੀ ਤੋਂ ਰਣਸਿੰਘ ਵਾਲਾ ਪਿੰਡ ਵੱਲ ਜਾ ਰਿਹਾ ਸੀ।ਬਰਗਾੜੀ ਪਿੰਡ ਵਿਚ ਹੋਏ ਇਸ ਹਮਲੇ ਦੌਰਾਨ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਪ੍ਰਿਤਪਾਲ ਸਿੰਘ ’ਤੇ ਦੋ ਫ਼ਾਇਰ ਕੀਤੇ ਪਰ ਨਿਸ਼ਾਨਾ ਖੁੰਝ ਜਾਣ ਕਾਰਨ ਪ੍ਰਿਤਪਾਲ ਸਿੰਘ ਦਾ ਗੋਲੀਬਾਰੀ ਤੋਂ ਤਾਂ ਬਚਾਅ ਹੋ ਗਿਆ ਪਰ ਆਪਣਾ ਬਚਾਅ ਕਰਦਿਆਂ ਜ਼ਖ਼ਮੀ ਹੋ ਗਿਆ ਜਿਸ ਕਰਕੇ ਉਸਨੂੰ ਬਾਜਾਖ਼ਾਨਾ ਸਥਿਤ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ।
ਯਾਦ ਰਹੇ ਕਿ ਛੇ ਮਹੀਨੇ ਚੱਲੇ ਬਰਗਾੜੀ ਮੋਰਚੇ ਦੌਰਾਨ ਪ੍ਰਿਤਪਾਲ ਸਿੰਘ ਬਰਗਾੜੀ ਨੇ ਆਪਣੇ ਭਾਸ਼ਣਾਂ, ਪੰਥਕ ਜਜ਼ਬੇ ਵਾਲੇ ਗੀਤਾਂ ਅਤੇ ਕਵੀਸ਼ਰੀ ਨਾਲ ਸਟੇਜ ਮੱਲੀ ਰੱਖੀ। ਪ੍ਰਿਤਪਾਲ ਸਿੰਘ ਗੱਡੀ ਤੋਜ਼ ਚਲਾਉਂਦੇ ਹੋਏ ਮੌਕਾ ਬਚਾਅ ਕੇ ਘਟਨਾ ਸਥਾਨ ਤੋਂ ਲਾਂਭੇ ਹੋ ਗਿਆ ਜਿਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।ਪੁਲਿਸ ਨੇ ਇਲਾਕੇ ਵਿਚੋਂ ਸੀ.ਸੀ.ਟੀ.ਵੀ.ਫੁੱਟੇਜ ਹਾਸਲ ਕਰਕੇ ਜਾਂਚ ਸ਼ੁਰੂ ਕੀਤੀ ਹੈ।ਪ੍ਰਿਤਪਾਲ ਸਿੰਘ ਬਰਗਾੜੀ ਜੋ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨਾਲ ਸੰਬੰਧਤ ਰਿਹਾ ਦੱਸਿਆ ਜਾਂਦਾ ਹੈ ਅੱਜ ਕਲ ਦਮਦਮੀ ਟਕਸਾਲ ਨਾਲ ਜੁੜਿਆ ਹੋਇਆ ਹੈ।
ਬਰਗਾੜੀ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਫ਼ਾਇਰਿੰਗ ਮਾਮਲਿਆਂ ਦੇ ਵਿਰੋਧ ਵਿਚ ਬਰਗਾੜੀ ਮੋਰਚੇ ਦੌਰਾਨ ਖੜ੍ਹੇ ਰਹੇ ਅਤੇ ਡੇਰਾ ਸਿਰਸਾ ਦੀ ਸਟੇਟ ਕਮੇਟੀ ਦੇ ਮੈਂਬਰ ਮਹਿੰਦਰ ਪਾਲ ਬਿੱਟੂ ਦੇ ਨਾਭਾ ਜੇਲ੍ਹ ਵਿਚ ਕਤਲ ਮਗਰੋਂ ਇਸ ਸੰਬੰਧ ਵਿਚ ਟਿੱਪਣੀਆਂ ਨੂੰ ਧਿਆਨ ਵਿਚ ਰੱਖਦਿਆਂ ਪੁਲਿਸ ਵੱਲੋਂ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਪ੍ਰਿਤਪਾਲ ਸਿੰਘ ਬਰਗਾੜੀ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖ਼ੇਧੀ ਕੀਤੀ ਹੈ।