19 ਜੁਲਾਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਪੂਰੀ ਟੀਮ ਪ੍ਰਮੋਸ਼ਨ 'ਚ ਰੁੱਝੇ ਹੋਈ ਹੈ। ਉਥੇ ਹੀ ਪੰਜਾਬੀ ਇੰਡਸਟਰੀ ਨਾਮੀ ਅਦਾਕਾਰ ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ ਮਨੁੱਖਤਾ ਦੀ ਸੇਵਾ ਕਰਨ ਲਈ ਲੁਧਿਆਣਾ ਪਹੁੰਚੇ। ਦਰਅਸਲ, ਪਿਛਲੇ ਦਿਨੀਂ ਅਨਮੋਲ ਕਵਾਤਰਾ ਜੋ ਕਿ 'ਵੀ ਡੂ ਨਾਟ ਐਕਸੇਪਟ ਮਨੀ ਐਂਡ ਥਿੰਗਸ' ਨਾਂ ਦਾ 'ਐੱਨ. ਜੀ. ਓ.' ਚਲਾਉਂਦੇ ਹਨ, ਦੀ ਮਹਾਨ ਸੇਵਾ 'ਚ ਯੋਗਦਾਨ ਪਾਉਣ ਲਈ ਪਹੁੰਚੇ ਗੁਰਪ੍ਰੀਤ ਘੁੱਗੀ ਅਤੇ ਜਪਜੀ ਖਹਿਰਾ। ਗੁਰਪ੍ਰੀਤ ਘੁੱਗੀ ਤੇ ਜਪਜੀ ਖਹਿਰਾ ਆਪਣੇ ਰੁਝੇਵੇਂ 'ਚੋਂ ਸਮਾਂ ਕੱਢ ਬੇਸਹਾਰਾ ਮਰੀਜ਼ਾਂ ਦੀ ਮਦਦ ਲਈ ਪਹੁੰਚੇ ਹਨ।
ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ''ਮੇਰਾ ਨਾਂ ਭਾਵੇਂ ਵੱਡਾ ਹੋਵੇ ਪਰ ਵਿਅਕਤੀ ਨੂੰ ਉਸ ਦਾ ਕੰਮ ਵੱਡਾ ਬਣਾ ਦਿੰਦਾ ਹੈ, ਜਿਹੜਾ ਕਿ ਅਨਮੋਲ ਕਵਾਤਰਾ ਅਤੇ ਮੈਂ ਕਰ ਰਹੇ ਹਾਂ।'' ਜਪਜੀ ਖਹਿਰਾ ਕੋਲ ਤਾਂ ਮਰੀਜ਼ਾਂ ਦੀ ਸੇਵਾ ਕਰਦੇ ਹੋਏ ਸ਼ਬਦ ਹੀ ਨਹੀਂ ਸਨ। ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਕਿਹਾ ਕਿ ਇਹ ਬਹੁਤ ਵੱਡਾ ਕੰਮ ਹੈ, ਜਿਹੜਾ ਪ੍ਰਮਾਤਮਾ ਨੇ ਅਨਮੋਲ ਅਤੇ ਗੁਰਪ੍ਰੀਤ ਸਿੰਘ ਦੇ ਹਿੱਸੇ ਪਾਇਆ ਹੈ ਅਤੇ ਰੱਬ ਉਨ੍ਹਾਂ ਨੂੰ ਵੀ ਅਜਿਹੇ ਕੰਮ ਕਰਨ ਦਾ ਹੌਸਲਾਂ ਅਤੇ ਸਮਤ ਬਖਸ਼ੇ। ਇਸ ਸਭ ਦੇ ਨਾਲ ਹੈ ਜਪਜੀ ਖਹਿਰਾ ਅਤੇ ਗੁਰਪ੍ਰੀਤ ਘੁੱਗੀ ਦੇ ਹੱਥੋਂ ਲੋੜਵੰਦ ਮਰੀਜ਼ਾਂ ਨੂੰ ਚੈੱਕ ਵੰਡੇ ਗਏ, ਜਿਸ ਨਾਲ ਉਨ੍ਹਾਂ ਮਰੀਜ਼ਾਂ ਨੂੰ ਇਕ ਨਵੀਂ ਜ਼ਿੰਦਗੀ ਮਿਲਣ ਵਾਲੀ ਹੈ।
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ। ਇਸ ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੇ ਹਨ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। 'ਅਰਦਾਸ ਕਰਾਂ' 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ।