ਹੁਣ ਟ੍ਰੈਫਿਕ ਪੁਲਿਸ ਕਰਮਚਾਰੀ ਹੈਲਮੇਟ ਤੇ ਸੀਟ ਬੈਲਟ ਨਾ ਲੱਗੀ ਹੋਣ, ਓਵਰ ਸਪੀਡ, ਡਰਾਈਵਿੰਗ ਦੌਰਾਨ ਮੋਬਾਈਲ ਫੋਨ ਇਸਤੇਮਾਲ ਕਰਨ ਵਰਗੇ ਟ੍ਰੈਫਿਕ ਨਿਯਮ ਤੋੜਨ 'ਤੇ ਹੀ ਗੱਡੀ ਰੋਕਣਗੇ। ਇਸ ਤੋਂ ਇਲਾਵਾ ਨਸ਼ੇ ਵਿਚ ਡਰਾਈਵਿੰਗ, ਰੈੱਡ ਲਾਈਟ ਜੰਪ ਕਰਨ, ਰੌਂਗ ਸਾਈਡ ਤੇ ਟਿ੍ਪਲ ਰਾਈਡਿੰਗ ਵਰਗੇ ਮਾਮਲਿਆਂ ਵਿਚ ਵੀ ਉਹ ਲੋਕਾਂ ਨੂੰ ਰੋਕ ਸਕਣਗੇ। ਏਡੀਜੀਪੀ (ਟ੍ਰੈਫਿਕ) ਡਾ. ਐੱਸਐੱਸ ਚੌਹਾਨ ਦੇ ਆਦੇਸ਼ ਤੋਂ ਬਾਅਦ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਇਹ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਜੇ ਇਹ ਨਿਯਮ ਤੋੜਦੇ ਫੜੇ ਗਏ ਤਾਂ ਫਿਰ ਟ੍ਰੈਫਿਕ ਕਰਮਚਾਰੀ ਕਾਗਜ਼ਾਤ ਵੀ ਚੈੱਕ ਕਰ ਸਕਦੇ ਹਨ।
ਇਹ ਜ਼ਰੂਰੀ ਨਹੀਂ ਕਿ ਫਿਰ ਸਿਰਫ ਉਸੇ ਨਿਯਮ ਨੂੰ ਤੋੜਨ ਦਾ ਚਲਾਨ ਕੱਟਿਆ ਜਾਵੇ। ਏਡੀਸੀਪੀ (ਟ੍ਰੈਫਿਕ) ਅਸ਼ਵਨੀ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਹਿਲਾਂ ਵੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਇਹ ਆਦੇਸ਼ ਦਿੱਤੇ ਗਏ ਸਨ ਪਰ ਹੁਣ ਏਡੀਜੀਪੀ (ਟ੍ਰੈਫਿਕ) ਤੋਂ ਆਰਡਰ ਆਉਣ ਤੋਂ ਬਾਅਦ ਸਾਰੇ ਕਰਮਚਾਰੀਆਂ ਨੂੰ ਇਸ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਟ੍ਰੈਫਿਕ ਪੁਲਿਸ ਦੇ ਕਰਮਚਾਰੀ ਉਸੇ ਹਾਲਤ ਵਿਚ ਗੱਡੀ ਰੋਕ ਕੇ ਕਾਗਜ਼ਾਤ ਚੈੱਕ ਕਰਨਗੇ ਜਦੋਂ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਹੋਵੇ ਜਾਂ ਫਿਰ ਜਦੋਂ ਸਾਰੇ ਕਰਮਚਾਰੀਆਂ ਨੂੰ ਇਸ ਕੰਮ ਵਿਚ ਲਗਾਉਣ ਦੀ ਲੋੜ ਹੋਵੇ, ਤਦ ਐੱਸਐੱਸਪੀ ਜਾਂ ਪੁਲਿਸ ਕਮਿਸ਼ਨਰ ਦੇ ਆਦੇਸ਼ ਨਾਲ ਹੀ ਉਹ ਅਜਿਹਾ ਕਰ ਸਕਣਗੇ।
ਟ੍ਰੈਫਿਕ ਕਰਮਚਾਰੀਆਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਟਰੱਕਾਂ ਦੀ ਜਾਂਚ ਉਹ ਇਕੱਲੇ ਨਹੀਂ ਕਰਨਗੇ। ਜੇ ਟਰਾਂਸਪੋਰਟ ਦਫਤਰ ਵੱਲੋਂ ਇਸ ਬਾਰੇ ਪੁਲਿਸ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਾਂਝੇ ਤੌਰ 'ਤੇ ਇਹ ਚੈਕਿੰਗ ਹੋਵੇਗੀ। ਪ੍ਰਦੂਸ਼ਣ ਮਾਮਲੇ ਦੀ ਜਾਂਚ ਦੌਰਾਨ ਵੀ ਪਲਿਊਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਨਾਲ ਹੀ ਟ੍ਰੈਫਿਕ ਪੁਲਿਸ ਗੱਡੀਆਂ ਦੀ ਚੈਕਿੰਗ ਕਰ ਸਕੇਗੀ। ਨਾਕਾ ਲਗਾ ਕੇ ਚਲਾਨ ਕੱਟਣ ਦੀ ਬਜਾਏ ਪੁਲਿਸ ਦਾ ਟ੍ਰੈਫਿਕ 'ਤੇ ਧਿਆਨ ਦੇਣਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸ਼ਹਿਰ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ ਸੌ ਤੋਂ ਵੱਧ ਮੌਤਾਂ ਹੋ ਰਹੀਆਂ ਹਨ।
ਇਕੱਲੇ ਪੁਲਿਸ ਕਮਿਸ਼ਨਰੇਟ ਏਰੀਆ ਵਿਚ ਸਾਲ 2016 ਵਿਚ 124, ਸਾਲ 2017 'ਚ 110 ਤੇ ਸਾਲ 2018 'ਚ 109 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਮੌਤਾਂ ਦਾ ਕਾਰਨ ਓਵਰ ਸਪੀਡ ਤੇ ਹੈਲਮੇਟ ਨਾ ਪਹਿਨਣਾ ਨਿਕਲਿਆ। ਏਡੀਜੀਪੀ (ਟ੍ਰੈਫਿਕ) ਡਾ. ਐੱਸਐੱਸ ਚੌਹਾਨ ਨੇ ਇਸ ਬਾਰੇ ਪੁਲਿਸ ਕਮਿਸ਼ਨਰ ਅਤੇ ਆਈਜੀ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤੇ ਹਨ ਕਿ ਫੀਲਡ ਵਿਚ ਇਹ ਆਦੇਸ਼ ਲਾਗੂ ਹੋ ਰਹੇ ਹਨ ਜਾਂ ਨਹੀਂ, ਉਹ ਇਸ ਦੀ ਜਾਂਚ ਕਰਵਾਉਣਗੇ।