ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਨਵ ਨਿਯੁਕਤ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਨੇ ਯੋਗਾ ਦਿਵਸ ਮੌਕੇ ਨਾਂਦੇੜ ਵਿਖੇ ਯੋਗ ਗੁਰੂ ਬਾਬਾ ਰਾਮਦੇਵ ਦੇ ਸਮਾਗਮ 'ਚ ਬਤੌਰ ਪ੍ਰਧਾਨ ਸ਼ਮੂਲੀਅਤ ਕਰਦਿਆਂ ਤਖ਼ਤ ਸਾਹਿਬ ਵੱਲੋਂ ਬਾਬਾ ਰਾਮਦੇਵ ਨੂੰ ਨੰਗੇ ਸਿਰ ਸਿਰੋਪਾਓ ਦੇਣ ਅਤੇ ਮੱਥਾ ਟੇਕਣ ਵੀ ਵੀਡੀਓ ਵਾਇਰਲ ਹੋਈ ਹੈ। ਫੇਸਬੁੱਕ 'ਤੇ ਚੱਲ ਰਹੇ ਲਾਈਵ ਸਮਾਗਮ 'ਚ ਜਿੱਥੇ ਐਂਕਰ ਵੱਲੋਂ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਦਾ ਨਾਂ ਲੈ ਕੇ ਤਖ਼ਤ ਸਾਹਿਬ ਵੱਲੋਂ ਕੀਤੇ ਜਾ ਰਹੇ ਸਨਮਾਨ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ
ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਸਮਾਗਮ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਬਾਬਾ ਰਾਮਦੇਵ ਨੂੰ ਨੰਗੇ ਸਿਰ ਸਿਰੋਪਾਓ ਦੇ ਰਹੇ ਹਨ ਅਤੇ ਮੰਚ 'ਤੇ ਬੈਠੇ ਬਾਬਾ ਰਾਮਦੇਵ ਨੂੰ ਮੱਥਾ ਟੇਕ ਰਹੇ ਹਨ। ਵਾਇਰਲ ਹੋਈ ਵੀਡੀਓ ਬਾਰੇ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਮਿਨਹਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਪੁੱਿਛਆ ਕਿ ਮਰਿਆਦਾ ਅਨੁਸਾਰ ਕਿਸੇ ਨੂੰ ਨੰਗੇ ਸਿਰ ਸਿਰੋਪਾਓ ਨਹੀਂ ਦਿੱਤਾ ਜਾ ਸਕਦਾ ਅਤੇ ਦੇਹਧਾਰੀ ਗੁਰੂ ਨੂੰ ਮੰਨਣ ਤੋਂ ਮਰਿਆਦਾ ਵਿਚ ਵਰਜਿਆ ਗਿਆ ਹੈ, ਤਾਂ ਪ੍ਰਧਾਨ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਨੂੰ ਬਾਬਾ ਰਾਮਦੇਵ ਵੱਲੋਂ ਕੀਤੇ ਜਾ ਰਹੇ ਇਸ ਸਮਾਗਮ ਵਿਚ ਸੱਦਾ ਮਿਲਿਆ ਸੀ, ਜਿਸ ਤਹਿਤ ਉਨ੍ਹਾਂ ਨੇ ਬਤੌਰ ਤਖ਼ਤ ਸਾਹਿਬ ਦੇ ਪ੍ਰਧਾਨ ਵੱਲੋਂ ਸ਼ਮੂਲੀਅਤ ਕੀਤੀ ਅਤੇ ਬਾਬਾ ਰਾਮਦੇਵ ਨੂੰ ਸਿਰੋਪਾਓ ਵੀ ਦਿੱਤਾ।
ਉਨ੍ਹਾਂ ਕਿਹਾ ਕਿ ਮੱਥਾ ਟੇਕਣ ਵਾਲੀ ਵੀਡੀਓ ਨਾਲ ਛੇੜ-ਛਾੜ ਹੋਈ ਹੈ।ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਦੀ ਤਰੱਕੀ ਲਈ ਬੋਰਡ ਵੱਲੋਂ ਇਕ ਸੁਰ ਹੋ ਕੇ ਚੰਗੇ ਕੰਮ ਉਲੀਕੇ ਗਏ ਹਨ। ਪਿਛਲੇ ਦਿਨੀਂ ਹੋਈ ਬੋਰਡ ਦੀ ਇਕੱਤਰਤਾ ਵਿਚ 42 ਕੰਮਾਂ ਨੂੰ ਸਰਬਸਮਤੀ ਨਾਲ ਪਰਵਾਨ ਕੀਤਾ ਗਿਆ ਹੈ, ਜਿਸ ਕਾਰਨ ਵਿਰੋਧੀ ਧਿਰਾਂ ਇਸ ਤੋਂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਵੀਡੀਓ ਨਾਲ ਛੇੜ-ਛਾੜ ਕਰ ਕੇ ਉਨ੍ਹਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।