ਪਹਿਲੇ ਸੈਸ਼ਨ ਵਿੱਚ ਹੀ ਭਗਵੰਤ ਮਾਨ ਨੇ ਹਿਲਾ ਕੇ ਰੱਖ ਦਿੱਤਾ ਸੰਸਦ

Tags

ਲੋਕ ਸਭਾ 'ਚ ਮੰਗਲਵਾਰ ਯਾਨੀ ਕਿ ਅੱਜ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ 'ਚ ਫਸ ਕੇ ਮੌਤ ਦੇ ਮੂੰਹ 'ਚ ਗਏ 2 ਸਾਲਾ ਫਤਿਹਵੀਰ ਸਿੰਘ ਦਾ ਮੁੱਦਾ ਗੂੰਜਿਆ। ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਫਤਿਹਵੀਰ ਦਾ ਮਾਮਲਾ ਲੋਕ ਸਭਾ 'ਚ ਚੁੱਕਿਆ। ਭਗਵੰਤ ਮਾਨ ਨੇ ਭੜਾਸ ਕੱਢਦੇ ਹੋਏ ਕਿਹਾ ਕਿ 2 ਸਾਲਾ ਮਾਸੂਮ ਬੱਚੇ ਫਤਿਹਵੀਰ ਨੂੰ 120 ਫੁੱਟ ਡੂੰਘੇ ਬੋਰਵੈੱਲ 'ਚੋਂ ਬਾਹਰ ਕੱਢਣ ਲਈ ਐੱਨ. ਡੀ. ਆਰ. ਐੱਫ. ਕੋਲ ਲੋੜੀਂਦਾ ਸਾਮਾਨ ਤਕ ਨਹੀਂ ਸੀ।

 ਮਾਨ ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਨੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਟੀਮ ਇੰਨੇ ਡੂੰਘੇ ਬੋਰ 'ਚੋਂ ਬੱਚਾ ਕੱਢਣ 'ਚ ਮਾਹਰ ਨਹੀਂ ਹੈ। ਭਗਵੰਤ ਮਾਨ ਇੱਥੇ ਹੀ ਨਹੀਂ ਰੁੱਕੇ ਐੱਨ. ਡੀ. ਆਰ. ਐੱਫ. ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਾਜੋ-ਸਾਮਾਨ ਤੋਂ ਵਾਂਝੀ ਐੱਨ. ਡੀ. ਆਰ. ਐੱਫ. ਨੇ ਆਪਰੇਸ਼ਨ ਤੋਂ ਬਾਅਦ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟੀਮ ਇਸ ਕੰਮ 'ਚ ਮਾਹਰ ਨਹੀਂ ਹੈ।

ਇੱਥੇ ਦੱਸ ਦੇਈਏ ਕਿ ਫਤਿਹਵੀਰ ਸਿੰਘ 6 ਜੂਨ ਨੂੰ ਆਪਣੇ ਖੇਤ ਵਿਚ ਬਣੇ ਹੋਏ ਬੋਰਵੈੱਲ ਵਿਚ ਡਿੱਗ ਪਿਆ ਸੀ, ਹਾਲਾਂਕਿ ਉਸ ਦੀ ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੀ। ਫਤਿਹਵੀਰ ਨੂੰ ਬਚਾਉਣ ਲਈ 6 ਦਿਨ ਤਕ ਰੈਸਕਿਊ ਆਪਰੇਸ਼ਨ ਚੱਲਿਆ। 11 ਜੂਨ ਨੂੰ ਤੜਕੇ ਸਵੇਰੇ ਸਵਾ 5 ਵਜੇ ਦੇ ਕਰੀਬ ਫਤਿਹਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਦੋਂ ਤੱਕ ਉਹ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਸੀ।